ਨਾਭਾ: ਸੂਬੇ ਦੀ ਅਤਿ ਸੁਰੱਖਿਅਤ ਜੇਲ੍ਹਾਂ ਚ ਜਾਣੀ ਜਾਂਦੀ ਹੈ ਜੋ ਕਿ ਕਿਸੇ ਨਾ ਕਿਸੇ ਕਾਰਨ ਚਰਚਾ ਚ ਬਣੀ ਰਹਿੰਦੀ ਹੈ। ਦੱਸ ਦਈਏ ਕਿ ਜੇਲ੍ਹ ’ਚ ਬੰਦ ਕੈਦੀਆਂ ਵੱਲੋਂ ਭਾਰਤ ਸਰਕਾਰ ਦੇ ਨਾਂ ’ਤੇ ਜਾਅਲੀ ਵੈੱਬਸਾਈਟ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੈੱਬਸਾਈਟ ਨੂੰ ਜੇਲ੍ਹ ਚ ਬੰਦ ਸ਼ਾਤਿਰ ਅਪਰਾਧੀ ਚਲਾ ਰਹੇ ਸੀ। ਜਿਨ੍ਹਾਂ ਨੂੰ ਨਾਭਾ ਜੇਲ੍ਹ ਬਰੇਕ ਮਾਮਲੇ ਚ ਦੋਸ਼ੀ ਪਾਇਆ ਗਿਆ ਸੀ।
ਰਚੀ ਗਈ ਸੀ ਵੱਡੀ ਸਾਜਿਸ਼
ਦੱਸ ਦਈਏ ਕਿ ਮੁਲਜ਼ਮਾਂ ਦੀ ਪਛਾਣ ਕੁਰੂਕਸ਼ੇਤਰ ਦੇ ਵਸਨੀਕ ਅਮਨ ਉਰਫ ਅਰਮਾਨ ਅਤੇ ਲੁਧਿਆਣਾ ਦੇ ਵਸਨੀਕ ਸੁਨੀਲ ਕਾਲੜਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਨਾਭਾ ਜੇਲ੍ਹ ਚ ਬੰਦ ਹਨ। ਦੋਹਾਂ ਮੁਲਜ਼ਮਾਂ ਖਿਲਾਫ ਕਈ ਧੋਖਾਧੜੀ ਦੇ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਮੁਤਾਬਿਕ ਦੋਹਾਂ ਮੁਲਜ਼ਮਾਂ ਨੇ sdrfindia.org ਦੇ ਡੋਮੇਨ ਤੋਂ ਐਸਡੀਆਰਐਫ ਦੇ ਨਾਮ ’ਤੇ ਇੱਕ ਜਾਅਲੀ ਵੈੱਬਸਾਈਟ ਬਣਾਈ ਅਤੇ ਲੋਕਾਂ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ। ਇਸ ਵੈਬਸਾਈਟ ਨੂੰ ਸਰਕਾਰੀ ਵੈਬਸਾਈਟ ਦੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਵੈਬਸਾਈਟ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਸਾਹਮਣੇ ਇਹ ਵੀ ਆਇਆ ਹੈ ਕਿ ਇਸ ਵੈੱਬਸਾਈਟ ਨੂੰ ਬਣਾਉਣ ਦੇ ਵਿੱਚ ਔਰਤ ਨੇ ਮਦਦ ਕੀਤੀ ਸੀ। ਮੁਲਜ਼ਮ ਨੇ ਵਿਆਹ ਦੀ ਵੈੱਬਸਾਈਟ ਰਾਹੀਂ ਹੁਸ਼ਿਆਰਪੁਰ ਦੀ ਇੱਕ 20 ਸਾਲਾ ਲੜਕੀ ਨਾਲ ਸੰਪਰਕ ਕੀਤਾ। ਇੱਥੇ ਲੜਕੀ ਨੇ ਆਪਣੇ ਆਪ ਨੂੰ ਇੱਕ ਵੈਬਸਾਈਟ ਡਿਵੈਲਪਰ ਦੱਸਿਆ। ਮੁਲਜ਼ਮ ਉਸ ਲੜਕੀ ਨਾਲ ਗੱਲ ਕਰਨ ਲੱਗੇ। ਅਮਨ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਿਆ, ਜਦੋਂਕਿ ਸੁਨੀਲ ਨੇ ਆਪਣੇ ਆਪ ਨੂੰ ਸੀਬੀਆਈ ਆਈਜੀਪੀ ਦੱਸਿਆ। ਦੋਵਾਂ ਨੇ ਉਸ ਲੜਕੀ ਨੂੰ ਐਸਡੀਆਰਐਫ ਦੀ ਵੈੱਬਸਾਈਟ ਬਣਾਉਣ ਲਈ ਆਖਿਆ।