ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀ ਚੋਣਾਂ 'ਤੇ ਲੱਗੀ ਰੋਕ ਨੂੰ ਹਟਾ ਕੇ ਚੋਣਾਂ ਕਰਵਾਉਣ ਲਈ ਸੰਕੇਤਕ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਵਿੱਚ ਅਲੱਗ-ਅਲੱਗ ਵਿਦਿਆਰਥੀ ਜਥੇਬੰਦੀਆਂ ਡੀਐਸਓ, ਆਇਰਸਾ, ਸੀ.ਵਾਈ.ਐੱਸ.ਐੱਸ ਆਦਿ ਦੇ ਕਈ ਆਗੂਆਂ ਨੇ ਵਿਦਿਆਰਥੀ ਚੋਣਾਂ ਕਰਵਾਉਣ ਦੇ ਹੱਕ ਵਿੱਚ ਆਪਣੀ ਗੱਲਬਾਤ ਰੱਖੀ।
ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਨੂੰ ਲੈ ਕੇ ਦਿੱਤਾ ਗਿਆ ਧਰਨਾ - ਪੰਜਾਬੀ ਯੂਨੀਵਰਸਿਟੀ
ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਨੂੰ ਲੈ ਕੇ ਅਲੱਗ-ਅਲੱਗ ਵਿਦਿਆਰਥੀ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ ਨੂੰ ਵਿਦਿਆਰਥੀ ਚੋਣਾ 'ਤੇ ਲਗੀ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਸੂਬਾ ਆਗੂ ਸੰਦੀਪ ਕੌਰ, ਯੂਨੀਵਰਸਿਟੀ ਆਗੂ ਸੁਮਨ ਤੇ ਸਤਨਾਮ ਨੇ ਕਿਹਾ ਕਿ ਪਿਛਲੇ 35 ਸਾਲ ਤੋਂ ਪੰਜਾਬ ਵਿੱਚ ਵਿਦਿਆਰਥੀ ਚੋਣਾਂ 'ਤੇ ਪਾਬੰਦੀ ਲੱਗੀ ਹੋਈ ਹੈ। 27 ਮਾਰਚ 2018 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਨੂੰ ਬਹਾਲ ਕਰਨ ਬਾਰੇ ਕਿਹਾ ਗਿਆ ਸੀ। ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਅੰਦਰ ਜਦੋਂ ਪੁੱਨਟਾ ਅਤੇ ਪੁੱਟਾ ਦੀਆਂ ਚੋਣਾਂ ਹੋ ਸਕਦੀਆਂ ਹਨ ਤਾਂ ਵਿਦਿਆਰਥੀਆਂ ਚੋਣਾਂ ਕਿਉਂ ਨਹੀਂ ਹੋ ਸਕਦੀਆਂ।
ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਪੰਜਾਬ ਅੰਦਰ ਵਿਦਿਆਰਥੀ ਚੋਣਾਂ ਬਹਾਲ ਕਰਵਾਉਣ ਲਈ ਪੰਜਾਬ ਦੇ ਕਈ ਕਾਲਜਾਂ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਕਨਵੈਨਸ਼ਨਾਂ ਕਰਵਾਈਆਂ ਗਈਆਂ ਸਨ ਤੇ ਹੁਣ ਹਸਤਾਖ਼ਰ ਮੁਹਿੰਮ ਚਲਾਉਣ ਤੋਂ ਬਾਅਦ ਇਹ ਸੰਕੇਤਕ ਧਰਨਾ ਪੰਜਾਬ ਸਰਕਾਰ ਨੂੰ ਸੰਕੇਤ ਦੇਣ ਲਈ ਹੈ। ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇ ਚੋਣਾਂ ਉਤੇ ਲੱਗੀ ਪਾਬੰਦੀ ਨਹੀਂ ਹਟਦੀ ਤਾਂ ਆਉਣ ਵਾਲੇ ਦਿਨਾਂ 'ਚ ਜੱਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਸੰਘਰਸ਼ ਵਿੱਢਿਆ ਜਾਵੇਗਾ।