ਸ੍ਰੀ ਅਨੰਦਪੁਰ ਸਾਹਿਬ: ਬੀਤੇ ਦਿਨੀਂ ਮਾਨਸਾ ਪੁਲਿਸ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜ਼ਿਲ੍ਹਾ ਦਫ਼ਤਰ 'ਚ ਦਾਖ਼ਲ ਹੋ ਜ਼ਿਲ੍ਹਾ ਸਕੱਤਰ ਕੁਲਵਿੰਦਰ ਉੱਡਤ ਸਮੇਤ ਕੁਝ ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਸੀਪੀਆਈ (ਐੱਮ) ਨੇ ਪੁਲਿਸ 'ਤੇ ਕੁਲਵਿੰਦਰ ਉੱਡਤ ਉੱਤੇ ਨਜਾਇਜ਼ ਤਸ਼ੱਦਤ ਕਰਨ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਪਾਰਟੀ ਦਫ਼ਤਰ 'ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਸਨ। ਇਸੇ ਮਾਮਲੇ ਨੂੰ ਲੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਕਿਸਾਨ ਸਭਾ, ਸੀਟੂ, ਖੇਤ ਮਜ਼ਦੂਰ ਯੂਨੀਅਨ ਅਤੇ ਸੀਪੀਆਈ (ਐੱਮ) ਨੇ ਰੋਸ ਮੁਜਾਹਰਾ ਕੀਤਾ ਗਿਆ।
ਸੀਪੀਆਈ (ਐੱਮ) ਤੇ ਭਰਾਤਰੀ ਜਥੇਬੰਦੀਆਂ ਨੇ ਅਨੰਦਪੁਰ ਸਾਹਿਬ 'ਚ ਪੰਜਾਬ ਪੁਲਿਸ ਖ਼ਿਲਾਫ਼ ਕੀਤਾ ਪ੍ਰਦਰਸ਼ਨ ਇਸ ਮੌਕੇ ਪੰਜਾਬ ਸੀਟੂ ਦੇ ਜਰਨਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਰਾਜਨੀਤਿਕ ਦਬਾਅ ਦੇ ਹੇਠ ਸਿਸਟਮ ਵਿੱਚ ਆਈਆਂ ਹੋਈਆਂ ਊਣਤਾਈਆਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਲੋਕਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿਸ ਨੂੰ ਪੰਜਾਬ ਦੇ ਲੋਕ ਸਹਿਣ ਨਹੀਂ ਕਰਨਗੇ।
ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਪੰਜਾਬ ਦੇ ਮਾਨਸਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਪੁਲਿਸ ਵੱਲੋਂ ਰਾਜਨੀਤਿਕ ਦਬਾਅ ਦੇ ਚੱਲਦਿਆਂ ਸੀਟੂ ਦੇ ਵਰਕਰਾਂ ਦੇ ਉੱਪਰ ਜਿਹੜੇ ਪਰਚੇ ਕੀਤੇ ਗਏ ਹਨ ਉਹ ਨਾਜਾਇਜ਼ ਪਰਚੇ ਹਨ ਉਨ੍ਹਾਂ ਪਰਚਿਆਂ ਨੂੰ ਜਲਦ ਤੋਂ ਜਲਦ ਵਾਪਸ ਕੀਤਾ ਜਾਵੇਂ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਅਜਿਹੇ ਧਰਨੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਲਗਾਉਣਗੇ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਵੀ ਧਰਨੇ ਲਗਾਏ ਜਾਣਗੇ ਤਾਂ ਜੋ ਸੁੱਤੀ ਹੋਈ ਸਰਕਾਰ ਨੂੰ ਨੀਂਦ ਵਿੱਚੋਂ ਜਗਾਇਆ ਜਾ ਸਕੇ ਅਤੇ ਜਿਸ ਤਰੀਕੇ ਨਾਲ ਅਣਮਨੁੱਖੀ ਤਸ਼ੱਦਦ ਲੋਕਾਂ ਦੇ ਉੱਪਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਉਸ ਤੇ ਨਕੇਲ ਪਾਈ ਜਾਵੇ।
ਇਸ ਉਪਰੰਤ ਸੀਟੂ ਦੇ ਵਰਕਰਾਂ ਵੱਲੋਂ ਪੰਜਾਬ ਪੁਲਿਸ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ।