ਦੇਵੀਗੜ੍ਹ: ਪਿੰਡ ਈਸਰਹੇੜੀ 'ਚ ਪਤੰਗ ਉਡਾਉਂਦਿਆਂ 8 ਸਾਲਾ ਬੱਚੇ ਦੀ ਕੋਠੇ ਦੇ ਛੱਜੇ ਤੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਈਸਰਹੇੜੀ ਦਾ ਗੁਰਮੀਤ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਜਦੋਂ ਕੰਮ 'ਤੇ ਗਿਆ ਤਾਂ ਪਿੱਛੋਂ ਉਸ ਦਾ 8 ਸਾਲਾ ਪੁੱਤਰ ਜਸ਼ਨਦੀਪ ਸਿੰਘ ਆਪਣੇ ਦਾਦੇ ਦੇ ਕੋਠੇ 'ਤੇ ਪਤੰਗ ਉਡਾਉਣ ਲੱਗ ਪਿਆ।
ਇਸੇ ਦੌਰਾਨ ਉਹ ਜਦੋਂ ਕੋਠੇ ਦੇ ਛੱਜੇ ਨਾਲ ਖੜ੍ਹਾ ਹੋਇਆ ਤਾਂ ਅਚਾਨਕ ਹੀ ਛੱਜਾ ਹੇਠਾਂ ਡਿੱਗ ਗਿਆ, ਜਿਸ ਨਾਲ ਬੱਚਾ ਵੀ ਹੇਠਾਂ ਡਿੱਗ ਪਿਆ। ਮੌਕੇ ਉਤੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਪਰ ਸਿਰ ਵਿਚ ਡੂੰਘੀ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ।