ਪਠਾਨਕੋਟ: ਅਦਾਕਾਰ ਸੰਨੀ ਦਿਓਲ ਭਾਜਪਾ 'ਚ ਸ਼ਾਮਿਲ ਹੋ ਗਏ ਹਨ ਤੇ ਸੰਭਾਵਨਾ ਹੈ ਕਿ ਸੰਨੀ ਦਿਓਲ ਨੂੰ ਭਾਜਪਾ ਗੁੁਰਦਾਸਪੁਰ ਤੋਂ ਟਿਕਟ ਦੇ ਸਕਦੀ ਹੈ। ਸੰਨੀ ਦਿਓਲ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੰਨੀ ਦਿਓਲ ਬਹੁਤ ਵਧੀਆ ਇਨਸਾਨ ਹਨ, ਬੀਜੇਪੀ ਨੂੰ ਮੁਬਾਰਕ। ਸੁਖਬੀਰ ਬਾਦਲ ਦੇ ਫ਼ਿਰੋਜ਼ਪੁਰ ਅਤੇ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਤੋਂ ਚੋਣ ਲੜਨ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਸਾਂ ਸਾਲਾਂ 'ਚ ਉਨ੍ਹਾਂ ਪੰਥ ਦੇ ਨਾਂ 'ਤੇ ਧੋਖਾ ਕੀਤਾ ਹੈ। ਉਨ੍ਹਾਂ ਕਿਸਾਨਾਂ ਅਤੇ ਜਵਾਨੀ ਦੀ ਪਿੱਠ 'ਚ ਛੁਰਾ ਖੋਭਿਆ ਹੈ, ਉਹ ਜਿੱਥੇ ਵੀ ਚਲੇ ਜਾਣ ਲੋਕ ਉਨ੍ਹਾਂ ਨੂੰ ਬਖਸ਼ਣਗੇ ਨਹੀਂ।
ਇਸ ਦੌਰਾਨ ਜਾਖੜ ਨੇ ਨਸ਼ੇ ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਜਿਨ੍ਹਾਂ ਲੋਕਾਂ ਦੀ ਤਰਨਤਾਰਨ ਇਲਾਕੇ ਦੇ ਵਿੱਚ ਮੌਤ ਹੋਈ ਸੀ, ਉਹ ਨਸ਼ਾ ਨਾ ਮਿਲਣ ਦੀ ਵਜ੍ਹਾ ਨਾਲ ਹੋਈ ਸੀ। ਨਸ਼ੇ ਦੀ ਰੋਕਥਾਮ ਦੇ ਲਈ ਕੈਪਟਨ ਸਰਕਾਰ ਨੇ ਜੋ ਵੀ ਕੰਮ ਕੀਤੇ ਹਨ ਉਹ ਜੱਗ ਜ਼ਾਹਿਰ ਹਨ। ਕੈਪਟਨ ਸਰਕਾਰ ਨੇ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਖ਼ਤਮ ਕਰਨ ਲਈ ਜਿਹੜੇ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਨਗੇ। ਜਨਤਾ ਇਹ ਵੀ ਜਾਣਦੀ ਹੈ ਕਿ ਅਕਾਲੀਆਂ ਨੇ ਪਿਛਲੇ 10 ਵਰ੍ਹਿਆਂ ਦੇ ਵਿੱਚ ਵਿਕਾਸ ਤਾਂ ਨਹੀਂ ਕਰਵਾਇਆ, ਪਰ ਪੰਜਾਬ ਨੂੰ ਨਸ਼ੇ ਦੇ ਵਿੱਚ ਧਕੇਲ ਦਿੱਤਾ ਹੈ। ਪਰ ਹੁਣ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਕੈਪਟਨ ਸਰਕਾਰ ਵਚਨਬੱਧ ਹੈ।
ਕਾਂਗਰਸ ਦੇ ਆਪਸੀ ਝਗੜੇ ਦੇ ਉੱਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੰਦਰੂਨੀ ਝਗੜਾ ਕਾਂਗਰਸ ਦੇ ਵਿੱਚ ਨਹੀਂ ਹੈ। ਪੂਰੀ ਟੀਮ ਇਸ ਚੋਣ ਦੇ ਵਿੱਚ ਇਕਜੁੱਟ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਕਿਸੇ ਇੱਕ ਬੰਦੇ ਦਾ ਨਹੀਂ ਹੈ ਬਲਕਿ ਪੂਰੇ ਦੇਸ਼ ਦਾ ਹੈ ਇਹ ਮਾਮਲਾ ਸੱਚਾਈ ਦਾ ਝੂਠ ਦੇ ਖਿਲਾਫ਼ ਹੈ ਜੋ ਮੋਦੀ ਸਾਹਿਬ ਨੇ 2014 ਦੇ ਵਿੱਚ ਝੂਠ ਦੀ ਫਸਲ ਬੀਜੀ ਸੀ ਉਹ ਅੱਜ ਕੱਟਣ ਦੇ ਲਈ ਤਿਆਰ ਹੈ ਅਤੇ ਜਨਤਾ ਜਵਾਬ ਜ਼ਰੂਰ ਦੇਵੇਗੀ।