ਪਠਾਨਕੋਟ: ਪੰਜਾਬ ਤੋਂ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ੀ ਧਰਤੀ 'ਤੇ ਜਾਂਦੇ ਹਨ, ਜਿਨ੍ਹਾਂ ਵਿੱਚ ਕੁਝ ਨੌਜਵਾਨ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਗ਼ਲਤ ਤਰੀਕੇ ਨਾਲ ਬਾਹਰ ਜਾਂਦੇ ਹਨ। ਜਦੋ ਉਹ ਬਾਹਰ ਚਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਆਖ਼ਰ ਉਨ੍ਹਾਂ ਨੂੰ ਕੀ ਹੋਇਆ ਤੇ ਕਿੱਥੇ ਲਾਪਤਾ ਹੋ ਗਏ। ਅਜਿਹਾ ਹੀ ਇੱਕ ਮਾਮਲਾ ਸਰਹੱਦੀ ਪਿੰਡ ਫਰਵਾਲ ਵਿਖੇ ਦੇਖਣ ਨੂੰ ਮਿਲਿਆ, ਜਿੱਥੋਂ ਦਾ ਨੌਜਵਾਨ ਮਲਕੀਤ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਬਾਹਰ ਗਿਆ ਸੀ ਪਰ ਹੁਣ ਉਸ ਦੀ ਲਾਸ਼ ਵਾਪਸ ਭਾਰਤ ਆਈ ਹੈ।
ਪਰਿਵਾਰ ਦੀ ਗਰੀਬੀ ਦੂਰ ਕਰਨ ਗਏ ਨੌਜਵਾਨ ਦੀ ਵਿਦੇਸ਼ ਤੋਂ ਪਰਤੀ ਲਾਸ਼
4 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਲਈ ਬਹਿਰੀਨ ਗਏ ਪਠਾਨਕੋਟ ਦੇ ਸਰਹੱਦੀ ਪਿੰਡ ਫਰਵਾਲ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਘਰ ਪਹੁੰਚਾਈ ਗਈ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ।
ਦੱਸ ਦਈਏ, ਮਲਕੀਤ ਸਿੰਘ 4 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਲਈ ਬਹਿਰੀਨ ਗਿਆ ਸੀ ਪਰ ਵਿਦੇਸ਼ ਦੀ ਧਰਤੀ 'ਤੇ ਪੁੱਜਦੇ ਹੀ 4 ਮਹੀਨਿਆਂ ਬਾਅਦ ਉਸ ਦੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਹੋਣੀ ਬੰਦ ਹੋ ਗਈ। 2016 ਵਿੱਚ ਮਲਕੀਤ ਸਿੰਘ ਆਪਣੇ ਪਿੰਡੋਂ ਹੱਸਦਾ ਖੇਡਦਾ ਗਿਆ ਸੀ।
ਇਸ ਦੇ ਚਲਦਿਆਂ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ। ਇਸ ਸਬੰਧੀ ਮ੍ਰਿਤਕ ਮਲਕੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਮਲਕੀਤ ਨਾਲ ਕੀ ਹੋਇਆ, ਘਰ ਤੋਂ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਸੀ ਤੇ ਉਨ੍ਹਾਂ ਨੂੰ 8 ਮਹੀਨੇ ਪਹਿਲਾਂ ਹੀ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਇਸ ਦਾ ਪਤਾ ਕੀਤਾ ਜਾਵੇ ਕਿ ਆਖ਼ਰ ਮਲਕੀਤ ਨਾਲ ਬਹਿਰੀਨ ਵਿੱਚ ਕੀ ਹੋਇਆ।