ਪਠਾਨਕੋਟ:ਪੁੱਤਾਂ ਵਾਂਗ ਲਾਡ-ਪਿਆਰ ਨਾਲ 6 ਮਹੀਨੇ ਤੋਂ ਪਾਲੀ ਫ਼ਸਲ ਨੂੰ ਗ੍ਰਹਿਣ ਲੱਗ ਗਿਆ ਹੈ। ਦਿਨ ਰਾਤ ਇੱਕ ਕਰ ਕਿਸਾਨਾਂ ਵੱਲੋਂ ਕਣਕ ਦੀ ਰਾਖੀ ਕੀਤੀ ਜਾਂਦੀ ਹੈ। ਜਦੋਂ ਮੁੱਲ ਮੋੜਨ ਦੀ ਵਾਰੀ ਆਉਂਦੀ ਹੈ ਤਾਂ ਹਰ ਵਾਰ ਕਿਸਾਨਾਂ 'ਤੇ ਕੁਦਰਤ ਦੀ ਮਾਰ ਪੈ ਜਾਂਦੀ ਹੈ। ਇਸ ਵਾਰ ਵੀ ਕਿਸਾਨਾਂ ਨੂੰ 24 ਘੰਟੇ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ ਚਿੰਤਾਵਾਂ 'ਚ ਪਾ ਦਿੱਤਾ ਹੈ। ਕਿਸਾਨਾਂ ਨੂੰ ਇਸ ਵਾਰ ਆਸ ਸੀ ਕਿ ਹੁਣ ਤੱਕ ਮੌਸਮ ਸਾਫ਼ ਹੈ ਅਤੇ ਇਸ ਵਾਰ ਰੱਬ ਮਿਹਰਬਾਨ ਹੋਵੇਗਾ। ਪਰ ਸ਼ਾਇਦ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਫ਼ਿਕਰਾਂ 'ਚ ਕਿਸਾਨ: ਖੇਤਾਂ 'ਚ ਖੜੀ ਸੁਨਿਹਰੀ ਫ਼ਸਲ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ, ਪਰ ਇਸ ਖਰਾਬ ਮੌਸਮ ਕਾਰਨ ਹੁਣ ਕਿਸਾਨਾਂ ਦੇ ਚਿਹਰੇ 'ਤੇ ਫਿਰਕਾਂ ਦੀਆਂ ਲਕੀਰਾਂ ਨਜ਼ਰ ਆ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਕਿ ਝੋਨੇ ਸਮੇਂ ਪਏ ਘਾਟੇ ਤੋਂ ਹੀ ਹਾਲੇ ਕਿਸਾਨ ਉਭਰੇ ਨਹੀਂ ਸਨ ਕਿ ਇਸ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਬਿਲਕੁਲ ਹੀ ਤੋੜ ਕੇ ਰੱਖ ਦਿੱਤਾ ਹੈ। ਕਈ ਕਿਸਾਨਾਂ ਦੀ ਸਾਰੀ ਕਣਕ ਹੀ ਵਿਛ ਗਈ ਹੈ। ਜਿਸ ਨਾਲ ਬਹੁਤ ਜਿਆਦਾ ਘਾਟਾ ਕਿਸਾਨਾਂ ਨੂੰ ਪਿਆ ਹੈ। ਕਿਸਾਨਾਂ ਦਾ ਕਹਿਣਾ ਕਿ ਕਿਸਾਨਾਂ ਵੱਲੋਂ ਫ਼ਸਲ 'ਤੇ ਬਹੁਤ ਖ਼ਰਚਾ ਕੀਤਾ ਜਾਂਦਾ ਹੈ। ਇਸ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਇਹ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਨਗੇ, ਆੜ੍ਹਤੀਆਂ ਦਾ ਕਰਜ਼ਾ ਕਿਵੇਂ ਮੋੜਾਂਗੇ।