ਪਠਾਨਕੋਟ: ਲੋਕਸਭਾ ਚੋਣਾਂ ਦੇ ਚਲਦਿਆਂ ਸਿਆਸੀ ਆਗੂਆਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਗੂਆਂ ਵੱਲੋਂ ਇੱਕ-ਦੂਜੇ ਵਿਰੁੱਧ ਦੋਸ਼ ਲਗਾਉਣ ਦਾ ਸਿਲਸਿਲਾ ਵੀ ਜਾਰੀ ਹੈ। ਅਜਿਹਾ ਹੀ ਕੁਝ ਪਠਾਨਕੋਟ 'ਚ ਵੇਖਣ ਨੂੰ ਮਿਲਿਆ ਹੈ ਜਿੱਥੇ ਭਾਜਪਾ ਆਗੂਆਂ ਨੇ ਕਾਂਗਰਸ ਵੱਲੋਂ ਅਮਿਤ ਸ਼ਾਹ ਦੀ ਰੈਲੀ 'ਚ ਰੋੜਾ ਅਟਕਾਉਣ ਦਾ ਦੋਸ਼ ਲਗਾਇਆ ਹੈ।
ਕਾਂਗਰਸ ਦੇ ਹੱਥ ਦੀ ਕਠਪੁਤਲੀ ਦਾ ਕੰਮ ਕਰ ਰਿਹੈ ਜ਼ਿਲ੍ਹਾ ਪ੍ਰਸ਼ਾਸਨ: ਅਸ਼ਵਨੀ ਸ਼ਰਮਾ
ਭਾਜਪਾ ਆਗੂਆਂ ਨੇ ਪਠਾਨਕੋਟ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਕਾਂਗਰਸ ਵੱਲੋਂ ਅਮਿਤ ਸ਼ਾਹ ਦੀ ਰੈਲੀ 'ਚ ਰੋੜਾ ਅਟਕਾਉਣ ਦਾ ਦੋਸ਼ ਲਗਾਇਆ।
ਭਾਜਪਾ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਵਿੱਚ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਾਂਗਰਸ ਦੇ ਹੱਥ ਦੀ ਕਠਪੁਤਲੀ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਅੰਦਾਜ਼ਾ 5 ਅਪ੍ਰੈਲ ਨੂੰ ਭਾਜਪਾ ਵਲੋਂ ਅਮਿਤ ਸ਼ਾਹ ਦੀ ਹੋਣ ਵਾਲੀ ਰੈਲੀ ਤੋਂ ਹੀ ਲਗਾਇਆ ਜਾ ਸਕਦਾ ਹੈ। ਲੋਕਲ ਪ੍ਰਸ਼ਾਸਨ ਨੇ ਉਸੇ ਥਾਂ ਉਸੇ ਹੀ ਦਿਨ ਇਕ ਹੋਰ ਉਮੀਦਵਾਰ ਨੂੰ ਰੈਲੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿੱਥੇ ਅਮਿਤ ਸ਼ਾਹ ਦੀ ਰੈਲੀ ਹੋਣੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਇਸ ਮੌਕੇ ਪੁਰੀ ਤਰ੍ਹਾਂ ਡਰ ਚੁੱਕੀ ਹੈ ਅਤੇ ਭਾਜਪਾ ਦੇ ਪ੍ਰੋਗਰਾਮਾਂ ਨੂੰ ਫੇਲ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ 2 ਵਾਰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।