ਨਹਿਰ 'ਚ ਡਿੱਗੀ ਕਾਰ, 5 ਲੋਕ ਸਨ ਸਵਾਰ, ਗੈਰਤਜ਼ੁਰਬੇਕਾਰ ਡਰਾਇਵਰ ਦੇ ਕਾਰਨ ਹੋਇਆ ਹਾਦਸਾ ਪਠਾਨਕੋਟ:ਸੁਜਾਨਪੁਰ 'ਚ ਮਾਧੋਪੁਰ ਦੀ ਯੂਬੀਡੀਸੀ ਨਹਿਰ 'ਚ ਕਾਰ ਡਿੱਗੀ ਹੈ। ਇਸ ਕਾਰ ਵਿੱਚ 5 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 2 ਤਾਂ ਬਾਹਰ ਕੱਢ ਲਏ ਗਏ ਪਰ 3 ਲੋਕ ਹਾਲੇ ਵੀ ਲਾਪਤਾ ਹਨ। ਕਾਰ ਸਮੇਤ ਨਹਿਰ 'ਚ ਭਾਲ ਜਾਰੀ ਹੈ। ਜਾਣਕਾਰੀ ਮੁਤਾਬਿਕ ਕਾਰ ਸਵਾਰ ਸਾਰੇ ਲੋਕ ਬੈਂਕ ਮੁਲਾਜ਼ਮ ਦੱਸੇ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਅਤੇ ਕਾਰ ਦੀ ਭਾਲ ਵੀ ਜਾਰੀ ਹੈ।
ਜਾਣਕਾਰੀ ਮੁਤਾਬਿਕ ਹਲਕਾ ਮਾਧੋਪੁਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਕਾਰ ਅਚਾਨਕ ਯੂ.ਬੀ.ਡੀ.ਸੀ. ਨਹਿਰ 'ਚ ਡਿੱਗ ਗਈ, ਜਿਸ 'ਚ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਪਠਾਨਕੋਟ ਦੇ 5 ਕਰਮਚਾਰੀ ਮੌਜੂਦ ਸਨ, ਜੋ ਅੱਜ ਛੁੱਟੀ ਹੋਣ ਕਾਰਨ ਇਸ ਪਾਸੇ ਆਏ ਸਨ ਅਤੇ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਨਹਿਰ 'ਚ ਪਾਣੀ ਜ਼ਿਆਦਾ ਹੋਣ ਕਾਰਨ ਕਾਰ ਸਮੇਤ ਨਹਿਰ 'ਚ ਰੁੜ੍ਹ ਗਏ ਅਤੇ ਬਾਕੀ ਤਿੰਨੇ ਕਾਰ ਸਮੇਤ ਵਹਿ ਗਏ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਦੱਸਿਆ ਗਿਆ ਕਿ ਪੁਲਿਸ ਵੱਲੋਂ ਐਨ.ਡੀ.ਆਰ.ਐਫ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਸੀ। ਪੁਲਿਸ ਵਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਹਾਦਸੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਧਾਰਕਾ ਰਜਿੰਦਰ ਮਿਨਹਾਸ ਨੇ ਦੱਸਿਆ ਹੈ ਕਿ ਕਿ ਕਾਰ 'ਚੋਂ ਛਾਲ ਮਾਰ ਕੇ ਬਚਣ ਵਾਲੇ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਕਾਰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ। ਜਦੋਂ ਉਹ ਨਹਿਰ ਦੇ ਨਾਲ ਮਿਰਜ਼ਾਪੁਰ ਤੋਂ ਵਾਪਸ ਆ ਰਿਹਾ ਸੀ ਤਾਂ ਡਰਾਈਵਰ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ, ਜਿਸ ਕਾਰਨ ਗੱਡੀ ਨਹਿਰ ਵਿੱਚ ਜਾ ਡਿੱਗੀ ਤੇ ਇਹ ਹਾਦਸਾ ਗੈਰਤਜ਼ੁਰਬੇਕਾਰ ਡਰਾਈਵਰ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ :Nandi Gaushala: ਰਾਮਪੁਰਾ ਫੂਲ ਦੀ ਨੰਦੀ ਗਊਸ਼ਾਲਾ ਵਿੱਚ ਤੂੜੀ ਨੂੰ ਲੱਗੀ ਭਿਆਨਕ ਅੱਗ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਪਠਾਨਕੋਟ ਦੇ ਕਰਮਚਾਰੀ ਹਨ, ਜੋ ਐਤਵਾਰ ਨੂੰ ਛੁੱਟੀ ਮਨਾਉਣ ਗਏ ਹੋਏ ਸਨ। ਸੁਰੱਖਿਆ ਕਰਮਚਾਰੀਆਂ ਦੇ ਨਾਮ ਪ੍ਰਿੰਸ ਰਾਜ ਪੁੱਤਰ ਹਰੀਕ੍ਰਿਸ਼ਨ ਵਾਸੀ ਬਿਹਾਰ ਅਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਹਨ। ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ (ਮਾਧੋਪੁਰ), ਵਿਸ਼ਾਲ ਅਤੇ ਅਜੈ ਬਾਬੂਲ ਵਜੋਂ ਹੋਈ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰਾਇਰ ਨੂੰ ਕਾਰ ਚਲਾਉਣ ਦਾ ਤਜੁਰਬਾ ਨਹੀਂ ਸੀ।