ਮੋਗਾ: ਆਮ ਆਦਮੀ ਪਾਰਟੀ ਦੇ ਵਿਧਾਇਕ (Aam Aadmi Party MLA) ਆਪੋ-ਆਪਣੇ ਪੱਧਰ ’ਤੇ ਕੰਮ ਕਰਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ’ਚ ਲੱਗੇ ਹੋਏ ਹਨ। ਮੋਗਾ ਤੋਂ ਜਿੱਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਮੰਗਲਵਾਰ ਨੂੰ ਨਗਰ ਨਿਗਮ ਅਧਿਕਾਰੀਆਂ (Municipal officials) ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਹਿਲਾਂ ਜੋ ਹੋਇਆ, ਉਸ ’ਚ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਹੈ, ਉਨ੍ਹਾਂ ਨੂੰ ਤਾਂ ਜਿਵੇਂ ਹੁਕਮ ਮਿਲੇ, ਉਨ੍ਹਾਂ ਕੰਮ ਕੀਤਾ, ਪਰ ਹੁਣ ਅਧਿਕਾਰੀਆਂ ਨੂੰ ਕੰਮ ਕਰਨ ਦਾ ਤਰੀਕਾ ਬਦਲਣਾ ਪਵੇਗਾ।
ਉਨ੍ਹਾਂ ਨੇ ਅਧਿਕਾਰੀਆਂ ਸਪੱਸ਼ਟ ਆਖਿਆ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਹੈ ਅਤੇ ਆਮ ਆਦਮੀ ਦੇ ਨਾਲ ਅਧਿਕਾਰੀ ਪੂਰੇ ਸਨਮਾਨ ‘ਤੇ ਸਲੀਕਾ ਨਾਲ ਪੇਸ਼ ਆਉਣ। ਨਗਰ ਨਿਗਮ ਦਫ਼ਤਰ (Municipal Office) ’ਚ ਆਉਣ ਵਾਲੇ ਹਰ ਵਿਅਕਤੀ ਦਾ ਮਾਣ ਸਨਮਾਨ ਹੋਵੇ। ਅਧਿਕਾਰੀ ਕਿਸੇ ਵੀ ਵਿਅਕਤੀ ਨਾਲ ਬੁਰਾ ਵਿਵਹਾਰ ਨਹੀਂ ਕਰਨਗੇ ਅਤੇ ਸਾਰੇ ਅਧਿਕਾਰੀਆਂ ਨੂੰ ਹੁਣ ਖੁਦ ਫੀਲਡ ’ਚ ਜਾ ਕੇ ਕੰਮ ਕਰਨਾ ਪਵੇਗਾ।
ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ ’ਚ ਨਿਗਮ ਕਮਿਸ਼ਨਰ ਸੁਰਿੰਦਰ ਕੁਮਾਰ ਸਣੇ ਸਾਰੇ ਅਧਿਕਾਰੀਆਂ ਨਾਲ ਵਿਧਾਇਕ ਅਰੋੜਾ ਨੇ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੇਹੜੀ ਫੜੀ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਉਹ ਪਰਚੀ ਕਟਵਾ ਕੇ ਸੜਕ ਵਿੱਚ ਰੇਹੜੀ ਲਾ ਲੈਂਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਇਸ ਲਈ ਨਿਗਮ ਅਧਿਕਾਰੀਆਂ ਨੂੰ ਵੈਡਿੰਗ ਜ਼ੋਨ ’ਤੇ ਅੱਜ ਤੋਂ ਹੀ ਕੰਮ ਸ਼ੁਰੂ ਕਰਨ ਦੇ ਹੁਕਮ ਵੀ ਜਾਰੀ ਕੀਤੇ।
ਇਸ ਦੇ ਨਾਲ ਹੀ ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਲਦਬਾਜ਼ੀ ’ਚ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਲੋਕਾਂ ਨੂੰ ਸਮਝਾਉਣ, ਜੇਕਰ ਕੋਈ ਫਿਰ ਵੀ ਕਾਨੂੰਨ ਤੋੜਦਾ ਹੈ ਤਾਂ ਉਸ ’ਤੇ ਕਾਰਵਾਈ ਕਰਨ। ਜਿੱਥੇ ਮੰਡੀ ਲੱਗਦੀ ਹੈ, ਉਥੇ ਵੀ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ। ਵਿਧਾਇਕ ਡਾ. ਅਮਨਦੀਪ ਅਰੋੜਾ ਨੇ ਕਿਹਾ ਕਿ ਬਿਲਡਿੰਗ ਬ੍ਰਾਂਚ ਦੇ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਵੀ ਕੰਮ ਸ਼ੁਰੂ ਹੋਵੇਗਾ ਅਤੇ ਇਸ ਦੇ ਨਾਲ ਨਾਲ ਨਕਸ਼ੇ ਪਾਸ ਕਰਨ ਲਈ ਨਿਯਮ ਸਰਲ ਅਤੇ ਆਸਾਨ ਕੀਤੇ ਜਾਣਗੇ ਤਾਂ ਕਿ ਲੋਕ ਇੱਧਰ ਉਧਰ ਜੁਗਾੜ ਲਾਉਣ ਦੀ ਬਜਾਏ ਸਰਕਾਰ ਨੂੰ ਪੈਸੇ ਦੇ ਸਕਣ। ਸਰਕਾਰ ਨੇ ਜੋ ਭਾਅ ਤੈਅ ਕੀਤੇ ਹਨ, ਉਸਦੇ ਹਿਸਾਬ ਨਾਲ ਕੰਪਾਊਂਡ ਫੀਸ ਲਈ ਜਾਵੇਗੀ।
ਮੀਟਿੰਗ ਦੌਰਾਨ ਵਿਧਾਇਕ ਅਰੋੜਾ ਨੇ ਕਿਹਾ ਕਿ ਸੈਨੀਟੇਸ਼ਨ ਦਾ ਵੀ ਕੰਮ ਠੀਕ ਨਹੀਂ ਹੈ। ਅਧਿਕਾਰੀਆਂ ਨੂੰ ਇਸ ਦੇ ਲਈ ਸਹੀ ਤਰੀਕੇ ਨਾਲ ਕੰਮ ਕਰਾਉਣ ਦਾ ਹੁਕਮ ਦੇਣ ਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਕੂੜੇ ਦੇ ਕੰਪੈਕਟਰ ਹਲਕੀ ਕੁਆਲਟੀ ਦੇ ਹਨ, ਇਸ ਦੀ ਜਾਂਚ ਕਰਵਾਈ ਜਾਵੇ ਤੇ ਗ੍ਰੀਨ ਬੈਲਟ ਦੀ ਹਾਲਤ ’ਚ ਵੀ ਸੁਧਾਰ ਕਰਨਾ ਪਵੇਗਾ। ਅਦਾਲਤੀ ਕੰਪਲੈਕਸ ’ਚ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਹਨ ਕਿ ਉਥੇ ਜਨਤਕ ਬਾਥਰੂਮ ਸਾਫ਼ ਨਹੀਂ ਰਹਿੰਦੇ ਤੇ ਵਾਰਡ ਨੰਬਰ 43, ਜਵਾਹਰ ਨਗਰ, ਕੈਂਪ ’ਚ ਗੰਦਾ ਪਾਣੀ ਆ ਰਿਹਾ ਹੈ, ਇਸ ਦੀ ਵੀ ਜਾਂਚ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਲਮ ਇਲਾਕੇ ’ਚ ਪੀਣ ਵਾਲੇ ਪਾਣੀ ਤੇ ਸੀਵਰੇਜ ਨੂੰ ਅਪਲੋਡ ਕਰਨ, ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ।