ਮੋਗਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੋਗਾ ਵਿਖੇ ਇੱਕ ਕਿਸਾਨ ਮੇਲਾ ਲਗਾਇਆ ਗਿਆ ਹੈ ਜਿਸ ਵਿੱਚ ਖੇਤੀਬਾੜੀ ਦੇ ਨਵੇਂ ਸੰਦਾਂ ਅਤੇ ਨਵੇਂ ਬੀਜਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਅਤੇ ਵਾਤਾਵਰਨ ਬਚਾਉਣ ਲਈ ਮਸ਼ੀਨਰੀ ਦਾ ਸਹਾਰਾ ਲੈ ਕੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਮੇਲੇ ਵਿੱਚ ਪਹੁੰਚੇ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਮੇਲੇ ਵਿੱਚ ਜ਼ਿਆਦਾ ਜ਼ੋਰ ਪਰਾਲੀ ਨੂੰ ਨਾ ਸਾੜਨ ਅਤੇ ਵਾਤਾਵਰਨ ਨੂੰ ਬਚਾਉਣ 'ਤੇ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਸਾੜਨਾ ਉਨ੍ਹਾਂ ਦਾ ਸ਼ੌਕ ਨਹੀਂ ਇੱਕ ਮਜਬੂਰੀ ਹੈ, ਕਿਉਂਕਿ ਜੇਕਰ ਉਹ ਪਰਾਲੀ ਨਹੀਂ ਸਾੜਦੇ ਤਾਂ ਖੇਤ ਨੂੰ ਕਣਕ ਦੀ ਬਿਜਾਈ ਲਈ ਤਿਆਰ ਕਰਨ ਲਈ ਬਹੁਤ ਮੁਸ਼ਕਲਾਂ ਹੁੰਦਿਆ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਬਸਿਡੀ ਦੀ ਨਹੀਂ ਬਲਕਿ ਆਪਣੀਆਂ ਫ਼ਸਲਾਂ ਦੀ ਸਹੀ ਮੁੱਲ ਦੀ ਜ਼ਰੂਰਤ ਹੈ।