ਮੋਗਾ: ਵਿਦੇਸ਼ ਜਾ ਕੇ ਵਸਣ ਦੀ ਚਾਹਤ 'ਚ ਇੱਕ ਹੋਰ ਪੰਜਾਬੀ ਨੌਜਵਾਨ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਮਾਮਲੇ ਦਰਜ ਹੋਏ ਹਨ। ਇਸੇ ਤਰ੍ਹਾਂ ਦਾ ਮਾਮਲਾ ਇੱਕ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਦੇ ਵਿਚ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਕਮਲਦੀਪ ਸਿੰਘ ਦੀ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਕਮਲਦੀਪ ਸਿੰਘ ਪਹਿਲਾਂ ਕੁਵੈਤ ਵਿੱਚ ਰਹਿੰਦਾ ਸੀ ਅਤੇ ਇਸ ਦੌਰਾਨ ਉਸ ਦੀ ਇੱਕ ਕੁੜੀ ਪਵਨਦੀਪ ਕੌਰ ਵਾਸੀ ਜਗਰਾਉਂ (ਲੁਧਿਆਣਾ) ਨਾਲ ਵਿਆਹ ਕਰਕੇ ਕੈਨੇਡਾ ਵਿੱਚ ਵੱਸਣ ਅਤੇ ਪੱਕਾ ਹੋਣ ਬਾਰੇ ਗੱਲਬਾਤ ਹੋਈ। ਉਪਰੰਤ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਇੱਧਰ ਕਮਲਦੀਪ ਸਿੰਘ ਅਤੇ ਪਵਨਦੀਪ ਕੌਰ ਦਾ ਪੱਕਾ ਵਿਆਹ ਕੀਤਾ ਗਿਆ।
ਕੈਨੇਡਾ 'ਚ ਨੌਜਵਾਨ ਨੂੰ ਪੱਕਾ ਨਾ ਕਰਵਾਉਣ 'ਤੇ ਪਤਨੀ ਅਤੇ ਸਹੁਰੇ ਵਿਰੁੱਧ ਕੇਸ ਦਰਜ ਮਹਿੰਦਰ ਕੌਰ ਨੇ ਦੱਸਿਆ ਕਿ ਕੁੱਝ ਮਹੀਨਿਆਂ ਬਾਅਦ ਪਵਨਦੀਪ ਕੌਰ ਕੈਨੇਡਾ ਚਲੀ ਗਈ ਅਤੇ ਫਿਰ ਤਿੰਨ ਕੁ ਮਹੀਨੇ ਪਿੱਛੋਂ ਕਮਲਦੀਪ ਸਿੰਘ ਵੀ ਕੈਨੇਡਾ ਪੁੱਜ ਗਿਆ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਤਾਂ ਦੋਵੇਂ ਪਤੀ-ਪਤਨੀ ਇਕੱਠੇ ਰਹਿ ਰਹੇ ਸਨ ਪਰੰਤੂ ਹੁਣ ਪਵਨਦੀਪ ਕੌਰ ਨੇ ਉਸਦੇ ਮੁੰਡੇ ਕਮਲਦੀਪ ਸਿੰਘ ਦਾ ਸਾਮਾਨ ਬਾਹਰ ਸੁੱਟ ਦਿੱਤਾ ਅਤੇ ਘਰੋਂ ਕੱਢ ਦਿੱਤਾ ਹੈ।
ਉਸ ਨੇ ਦੱਸਿਆ ਕਿ ਵਿਆਹ ਅਤੇ ਬਾਹਰ ਜਾਣ ਦਾ ਸਾਰਾ ਖ਼ਰਚਾ 40 ਲੱਖ ਰੁਪਏ ਉਨ੍ਹਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਉਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਇਨਸਾਫ਼ ਕੀਤਾ ਜਾਵੇ।
ਉਧਰ, ਮਾਮਲੇ ਬਾਰੇ ਜਾਣਕਰੀ ਦਿੰਦਿਆਂ ਥਾਣਾ ਅਜੀਤਵਾਲ ਦੇ ਮੁੱਖ ਅਫ਼ਸਰ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਉਚ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਦਰਖਾਸਤ ਦਿੱਤੀ ਸੀ, ਜਿਸ ਦੀ ਜਾਂਚ ਕਰਨ ਤੋਂ ਬਾਅਦ ਪਵਨਦੀਪ ਕੌਰ ਅਤੇ ਉਸ ਦੇ ਪਿਤਾ ਰਣਜੀਤ ਸਿੰਘ ਵਿਰੁੱਧ ਧਾਰਾ 420 ਅਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਮਾਮਲੇ ਵਿੱਚ ਅਗਲੀ ਜਾਂਚ ਐਂਟੀ ਹਿਊਮਨ ਟ੍ਰੈਫ਼ਿਕਿੰਗ ਮੋਗਾ ਕਰ ਰਿਹਾ ਹੈ।