ਮੋਗਾ: ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਸਭ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜਲਦ ਤੋਂ ਜਲਦ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ । ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੁਆਵਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਸਾਹਮਣੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਸਰਕਾਰ 'ਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਆਖਿਆ ਕਿਸਾਨ ਪਹਿਲਾਂ ਹੀ ਕਰਜਾਈ ਹੈ ਇਸ ਕਰਕੇ ਜੱਥੇਬੰਦੀ ਮੰਗ ਕਰਦੀ ਹੈ ਕਿ ਫ਼ਸਲਾਂ ਅਤੇ ਹੋਰ ਨੁਕਸਾਨ ਦੀ ਗਿਰਦਾਵਰੀ ਛੇਤੀ ਮੁਕੰਮਲ ਕੀਤੀ ਜਾਵੇ, ਫ਼ਸਲਾਂ ਦੇ ਹੋਏ ਨੁਕਸਾਨ ਦੀ ਪੂਰੀ ਦੀ ਪੂਰੀ ਭਰਪਾਈ ਕੀਤੀ ਜਾਵੇ।
ਮਜ਼ਦੂਰਾਂ ਨੂੰ ਮਿਲੇ ਮੁਆਵਜ਼ਾ:ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਹਰ ਨੁਕਸਾਨੀ ਚੀਜ਼ ਜਿਵੇਂ ਕਿ ਢਹਿ-ਢੇਰੀ ਹੋਏ ਮਕਾਨ, ਖੇਤ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਲਈ ਸਰਕਾਰੀ ਬੀਮਾ ਯੋਜਨਾ ਨੀਤੀ ਬਣਾਈ ਜਾਵੇ, ਸਮੁੱਚੇ ਕਰਜ਼ਿਆਂ ਦੀਆਂ ਕਿਸ਼ਤਾਂ ਵਿਆਜ ਮੁਆਫ਼ ਕਰਕੇ ਅੱਗੇ ਪਾਈਆਂ ਜਾਣ ਤਾਂ ਜੋ ਕਿਸਾਨਾਂ ਦਾ ਬੋਝ ਘੱਟ ਸਕੇ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਇੱਕ ਹਫਤੇ ਵਿੱਚ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦਾ ਯਕੀਨ ਦਵਾਇਆ ਸੀ ਪਰ ਅਜੇ ਤਾਂ ਬਹੁਤ ਥਾਵਾਂ 'ਤੇ ਗਿਰਦਾਵਰੀਆਂ ਵੀ ਸ਼ੁਰੂ ਨਹੀਂ ਹੋਈਆਂ।