ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ ਮੋਗਾ: ਪਿੰਡ ਭਲੂਰ ਦੀ ਰਹਿਣ ਵਾਲੀ ਇੱਕ ਕੁੜੀ ਨੇ ਮੰਗੇਤਰ ਜਸਪ੍ਰੀਤ ਸਿੰਘ ਵੱਲੋਂ ਵਿਆਹ ਕਰਨ ਤੋਂ ਇਨਕਾਰ ਕਰਨ 'ਤੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਬਚਪਨ ਤੋਂ ਹੀ ਆਪਣੇ ਨਾਨਾ-ਨਾਨੀ ਦੇ ਘਰ ਰਹਿੰਦੀ ਸੀ। ਮ੍ਰਿਤਕਾ ਦੀ ਨਾਨੀ ਨੇ ਦੱਸਿਆ ਕਿ ਬਹੁਤ ਬੁਰੇ ਹਾਲਾਤਾਂ ਵਿੱਚ ਉਸ ਨੇ ਆਪਣੀ ਦੋਹਤਰੀ ਨੂੰ ਸਖ਼ਤ ਮਿਹਨਤ ਕਰਕੇ ਪੜ੍ਹਾਇਆ-ਲਿਖਾਇਆ ਸੀ। ਮ੍ਰਿਤਕ ਕੁੜੀ ਦੇ ਨਾਨਾ-ਨਾਨੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪਿੰਡ ਵਿੱਚ ਹੋਰਨਾਂ ਦੇ ਘਰਾਂ ਵਿੱਚ ਕੰਮ ਕਰਦੇ ਸਨ।
ਮੰਗਣੀ ਤੋਂ ਬਾਅਦ ਵਿਆਹ ਤੋਂ ਇਨਕਾਰ: ਇੱਕ ਸਾਲ ਪਹਿਲਾਂ ਮ੍ਰਿਤਕਾ ਦੀ ਮੰਗਣੀ ਜ਼ਿਲ੍ਹਾ ਬਠਿੰਡਾ ਦੇ ਸ਼ੇਖਪੁਰਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਨਾਲ ਹੋਈ ਸੀ। ਜਸਪ੍ਰੀਤ ਸਿੰਘ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਅਸਾਮ ਵਿੱਚ ਤਾਇਨਾਤ ਹੈ। ਜਸਪ੍ਰੀਤ ਸਿੰਘ ਦੀ ਮੰਗਣੀ ਹੋਣ ਤੋਂ ਬਾਅਦ ਆਪਣੀ ਮੰਗੇਤਰ ਨਾਲ ਫੋਨ 'ਤੇ ਗੱਲ ਹੁੰਦੀ ਸੀ ਅਤੇ ਉਹ ਛੁੱਟੀ 'ਤੇ ਆਉਣ ਤੋਂ ਬਾਅਦ ਕੁੜੀ ਨੂੰ ਮਿਲਣ ਲਈ ਘਰ ਆਉਂਦਾ ਸੀ। ਕਰੀਬ 2 ਮਹੀਨੇ ਪਹਿਲਾਂ ਜਸਸਪ੍ਰੀਤ ਸਿੰਘ ਆਪਣੀ ਮੰਗੇਤਰ ਨੂੰ ਮਿਲਣ ਆਇਆ ਸੀ। ਇਸ ਤੋਂ ਬਾਅਦ 13 ਜੂਨ ਨੂੰ ਜਸਪ੍ਰੀਤ ਸਿੰਘ ਨੇ ਆਪਣੀ ਮੰਗੇਤਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਕਾਲ ਉੱਤੇ ਖੁਦਕੁਸ਼ੀ: ਇਸ ਤੋਂ ਬਾਅਦ ਮ੍ਰਿਤਕਾ ਨੇ ਸਵੇਰੇ 3 ਵਜੇ ਦੇ ਕਰੀਬ ਜਸਪ੍ਰੀਤ ਸਿੰਘ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਜਦੋਂ ਉਸ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਮਰਨ ਲਈ ਕਿਹਾ ਮੰਗੇਤਰ ਨੂੰ ਕਿਹਾ ਤਾਂ ਪਰਮਜੀਤ ਕੌਰ ਨੇ ਵੀਡੀਓ ਕਾਲ ਉੱਤੇ ਹੀ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਮਜੀਤ ਕੌਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਫੌਜੀ ਜਵਾਨਾਂ ਨੇ ਉਨ੍ਹਾਂ ਦੀ ਲਾਡਾਂ ਅਤੇ ਸਖ਼ਤ ਮਿਹਨਤ ਨਾਲ ਪਾਲੀ ਧੀ ਨਾਲ਼ ਧੋਖਾ ਕੀਤਾ ਹੈ ਜਿਸ ਕਰਕੇ ਉਨ੍ਹਾਂ ਦੀ ਧੀ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਕਹਿਣਾ ਹੈ ਕਿ ਫੌਜੀ ਜਸਪ੍ਰੀਤ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ:ਇਸੇ ਮਾਮਲੇ ਸਬੰਧੀ ਥਾਣਾ ਸਮਾਲਸਰ ਦੇ ਐਸਐਚਓ ਨੇ ਦੱਸਿਆ ਕਿ ਮ੍ਰਿਤਕਾ ਪਰਮਜੀਤ ਕੌਰ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਜਸਪ੍ਰੀਤ ਸਿੰਘ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਫੌਜੀ ਦੇ ਮਹਿਕਮੇ ਆਰਮੀ ਨਾਲ ਵੀ ਉਨ੍ਹਾਂ ਵੱਲੋਂ ਰਾਬਤਾ ਕਾਇਮ ਕੀਤਾ ਗਿਆ ਹੈ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮੁਲਜ਼ਮ ਖ਼ਿਲਾਫ਼ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।