ਮਾਨਸਾ:ਬੀਤੇ ਦਿਨ ਤੋਂ ਪੂਰੇ ਪੰਜਾਬ ਸਮੇਤ ਦੇਸ਼ ਅੰਦਰ ਇੱਕ ਨਿਜੀ ਚੈਨਲ ਵੱਲੋਂ ਕੀਤਾ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਆਮ ਲੋਕ ਜਿੱਥੇ ਕਿਆਸਰਾਈਆਂ ਲਗਾ ਰਹੇ ਨੇ ਉੱਥੇ ਹੀ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਇੱਕ ਹਾਈ-ਪ੍ਰੋਫਾਈਲ ਅਤੇ ਏ ਕੈਟਾਗਿਰੀ ਦੇ ਗੈਂਗਸਟਰ ਜਿਸ ਉੱਪਰ ਟਾਡਾ ਵੀ ਲੱਗਿਆ ਹੋਇਆ ਹੈ ਉਸ ਦੀ ਇੰਟਰਵਿਊ ਇੱਕ ਨਿਜੀ ਚੈਨਲ ਉੱਤੇ ਕਿਵੇਂ ਹੋਈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਉੱਤੇ ਬਣੀ ਐੱਸਆਈਟੀ ਦੇ ਮੁਖੀ ਜਸਕਰਨ ਸਿੰਘ, ਐਸਐਸਪੀ ਮਾਨਸਾ ਨਾਨਕ ਸਿੰਘ ਅਤੇ ਐੱਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ।
ਪੰਜਾਬ ਵਿੱਚ ਨਹੀਂ ਹੋਈ ਇੰਟਰਵਿਊ:ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਐੱਸਆਈਟੀ ਮੁਖੀ ਜਸਕਰਨ ਸਿੰਘ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ ਸਗੋਂ ਕਿਤੇ ਬਾਹਰ ਹੋਈ ਹੈ। ਉਹਨਾਂ ਨੇ ਕਿਹਾ ਕਿ ਬਠਿੰਡਾ ਜੇਲ੍ਹ ਵਿੱਚੋਂ ਪਤਾ ਕੀਤਾ ਗਿਆ ਹੈ ਅਤੇ ਜੇਲ੍ਹ ਦੇ ਅੰਦਰ ਜੈਮਰ ਲੱਗੇ ਹੋਏ ਨੇ ਜਿਸ ਕਰਕੇ ਉੱਥੇ ਇੰਟਰਵਿਊ ਕਰਨੀ ਸੰਭਵ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੁੱਝ ਦਿਨ ਪਹਿਲਾਂ ਹੀ ਰਾਜਸਥਾਨ ਤੋਂ ਪੰਜਾਬ ਲਿਆਂਦਾ ਗਿਆ ਹੈ ਅਤੇ ਹੋ ਸਕਦਾ ਹੈ ਇਹ ਇੰਟਰਵਿਊ ਰਾਜਸਥਾਨ ਵਿੱਚ ਕਿਤੇ ਹੋਈ ਹੋਵੇ। ਉਨ੍ਹਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੈ ਕਿ ਲਾਰੈਂਸ ਦੀ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਹੋਈ ਹੈ।