ਮਾਨਸਾ: ਪਿੰਡ ਖੋਖਰ ਖੁਰਦ ਅਤੇ ਖੋਖਰ ਕਲਾਂ ਦੇ ਕਿਸਾਨਾਂ ਦੀ 976 ਏਕੜ ਜ਼ਮੀਨ ਜੋ ਲੰਬੇ ਸਮੇਂ ਤੋ ਬੰਜਰ ਪਈ ਸੀ ਇਸਨੂੰ ਨਹਿਰੀ ਪਾਣੀ ਲਗਾਉਣ ਦੇ ਲਈ ਕਿਸਾਨਾਂ ਨੇ ਰੇਲਵੇ ਵਿਭਾਗ ਤੋ ਲਾਇਨ ਹੇਠੋਂ ਪੁਲ਼ੀ ਲੰਘਾਉਣ ਦੇ ਲਈ ਮਨਜੂਰੀ ਤਾਂ ਲੈ ਲਈ ਗਈ ਪਰ ਰੇਲਵੇ ਵਿਭਾਗ ਨੇ ਇਸ ਦੇ ਬਦਲੇ ਕਿਸਾਨਾਂ ਨੂੰ ਸਵਾ ਕਰੋੜ ਰੁਪਏ ਦੀ ਰਾਸ਼ੀ ਭਰਨ ਦਾ ਫਰਮਾਨ ਸੁਣਾ ਦਿੱਤਾ ਜਿਸ ਤੋ ਬਾਅਦ ਕਿਸਾਨਾਂ ਨੇ ਇਹ ਰਾਸ਼ੀ ਪੰਜਾਬ ਸਰਕਾਰ ਨੂੰ ਭਰਨ ਦੀ ਅਪੀਲ ਕੀਤੀ ਜਾ ਫਿਰ ਮੁਆਫ਼ ਕਰਨ ਦੀ ਮੰਗ ਕੀਤੀ ਸੀ।
ਅੱਠਵੀਂ ਵਾਰ ਰੇਲਵੇ ਲਾਇਨਾਂ ਉੱਤੇ ਧਰਨਾ:ਪਰ ਅਜੇ ਤੱਕ ਇਸ ਉੱਤੇ ਕੋਈ ਫੈਸਲਾ ਨਾ ਹੋਣ ਕਾਰਨ ਅੱਜ ਮਾਨਸਾ ਦੇ ਪਿੰਡ ਖੋਖਰ ਕਲਾਂ ਵਿਖੇ ਦਿੱਲੀ ਫਿਰੋਜਪੁਰ ਰੇਲਵੇ ਲਾਈਨ ਉੱਤੇ ਸਥਾਨਕਵਾਸੀਆਂ ਅਣਮਿੱਥੇ ਸਮੇਂ ਦੇ ਲਈ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਵੱਲੋ 30 ਜਨਵਰੀ ਨੂੰ ਵੀ ਰੇਲਵੇ ਲਾਇਨਾਂ ਰੋਕੀਆ ਗਈਆਂ ਸਨ,ਪਰ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਐਸਡੀਐਮ ਮਾਨਸਾ ਵੱਲੋ ਕਿਸਾਨਾਂ ਤੋਂ 8 ਫਰਵਰੀ ਤੱਕ ਦਾ ਸਮਾਂ ਮੰਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਭਰੋਸੇ ਦੇ ਬਾਵਜੂਦ ਮਸਲਾ ਹੱਲ ਨਾ ਹੋਣ ਕਾਰਨ ਉਨ੍ਹਾਂ ਨੇ ਅੱਜ ਫਿਰ ਅੱਠਵੀਂ ਵਾਰ ਰੇਲਵੇ ਲਾਇਨਾਂ ਉੱਤੇ ਧਰਨਾ ਲਗਾ ਦਿੱਤਾ ਹੈ।