ਮਾਨਸਾ:ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਰਜ਼ ਮੁਆਫ਼ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ, ਪਰ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ, ਤੇ ਅੱਜ ਵੀ ਕਿਸਾਨਾਂ ਦੀਆਂ ਕਰਜ਼ੇ ਕਾਰਨ ਖੁਦਕੁਸ਼ੀਆਂ ਨਹੀਂ ਰੁਕ ਰਹੀਆਂ। ਅਜਿਹਾ ਹੀ ਇੱਕ ਪਰਿਵਾਰ ਹੈ, ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦਾ ਜਿਸ ਦੇ ਵਿੱਚ ਕਿਸਾਨ ਜਸਵੀਰ ਸਿੰਘ ਵੱਲੋਂ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਈ ਗਈ, ਅਤੇ ਉਸ ਤੋਂ ਬਾਅਦ ਉਸ ਦੇ ਪਿਤਾ ਦੀ ਵੀ ਕੈਂਸਰ ਦੇ ਨਾਲ ਮੌਤ ਹੋ ਗਈ ਸੀ। ਪਰ ਪਰਿਵਾਰ ਦਾ ਹਾਲੇ ਵੀ ਕਰਜ਼ ਮੁਆਫ਼ ਨਹੀਂ ਹੋਇਆ।
ਅੱਜ ਘਰ ਦੇ ਵਿੱਚ ਦੋ ਔਰਤਾਂ ਅਤੇ ਦੋ ਨਿੱਕੇ ਬੱਚੇ ਹਨ ਜੋ ਪੰਜਾਬ ਸਰਕਾਰ ਦੇ ਵਾਅਦੇ ਨੂੰ ਅੱਜ ਵੀ ਕੋਸ ਰਹੀਆਂ ਹਨ। ਪੀੜਤ ਔਰਤ ਕਰਮਜੀਤ ਕੌਰ ਨੇ ਦੱਸਿਆ, ਕਿ ਉਸ ਦੇ ਪਤੀ ਜਸਵੀਰ ਸਿੰਘ ਕਰਜ਼ ਦੇ ਕਾਰਨ ਪਰੇਸ਼ਾਨ ਰਹਿੰਦਾ ਸੀ। ਜਿਸ ਤੋਂ ਪ੍ਰੇਸ਼ਾਨ ਹੋ ਕੇ ਜਸਵੀਰ ਸਿੰਘ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ 5 ਏਕੜ ਜ਼ਮੀਨ ਦਾ ਮਾਲਕ ਸੀ।
ਪੀੜਤ ਔਰਤ ਨੇ ਦੱਸਿਆ, ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਬੈਂਕ ਵਾਲੇ ਟਰੈਕਟਰ ਵੀ ਲੈ ਗਏ, ਤੇ ਅੱਜ ਵੀ ਬੈਂਕ ਦੇ ਮੁਲਾਜ਼ਮ ਘਰ ਵਿੱਚ ਦੋ ਮੌਤਾਂ ਤੋਂ ਬਾਅਦ ਵੀ ਨੋਟਿਸ ਭੇਜ ਰਹੇ ਹਨ। ਇਸ ਮੌਕੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ, ਕਿ ਉਸ ਦੇ ਪਤੀ ਦੀ ਮੌਤ ਤੋਂ ਥੋੜ੍ਹਾ ਸਮਾਂ ਬਾਅਦ ਹੀ ਸਹੁਰੇ ਦੀ ਵੀ ਕੈਂਸਰ ਦੇ ਕਾਰਨ ਮੌਤ ਹੋ ਗਈ, ਹੁਣ ਪਰਿਵਾਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ।