ਮਾਨਸਾ : ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਵੀ ਕਿਸਾਨ ਦੀ ਕਰਜ਼ੇ ਦੇ ਬਦਲੇ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦਾ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ ਬੇਸ਼ੱਕ ਕੈਪਟਨ ਸਰਕਾਰ ਨੂੰ ਅੱਜ ਸੱਤਾ ਵਿੱਚ ਆਇਆਂ ਅੱਜ ਸਾਢੇ ਚਾਰ ਸਾਲ ਬੀਤ ਚੁੱਕੇ ਹਨ ਪਰ ਕਿਸਾਨਾਂ ਦੀਆਂ ਕਰਜ਼ੇ ਬਦਲੇ ਜ਼ਮੀਨ ਕੁਰਕ ਹੋ ਰਹੀਆਂ ਹਨ, ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹੈ।
ਮ੍ਰਿਤਕ ਕਿਸਾਨ ਦੀ ਜਮੀਨ ਕੁਰਕੀ ਕਰਨ ਦਾ ਕਿਸਾਨਾਂ ਨੇ ਕੀਤਾ ਵਿਰੋਧ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਵਿਖੇ ਮ੍ਰਿਤਕ ਕਿਸਾਨ ਜਗਸੀਰ ਸਿੰਘ ਦੀ 7 ਲੱਖ 81 ਹਜਾਰ 725 ਰੁਪਏ ਦੇ ਬਦਲੇ 26 ਕਨਾਲ 7 ਮਰਲੇ ਜ਼ਮੀਨ ਕੁਰਕੀ ਕੀਤੀ ਜਾਣੀ ਸੀ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਪਤਾ ਲੱਗਿਆ ਅਤੇ ਉਨ੍ਹਾਂ ਵੱਲੋਂ ਪਿੰਡ ਦੇ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਤੇ ਬੈਂਕ ਅਧਿਕਾਰੀਆਂ ਦੇ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਕੋਈ ਵੀ ਬੈਂਕ ਅਧਿਕਾਰੀ ਪਿੰਡ ਦੇ ਵਿੱਚ ਜ਼ਮੀਨ ਕੁਰਕ ਕਰਨ ਦੇ ਲਈ ਨਹੀਂ ਪਹੁੰਚੇ।
ਮ੍ਰਿਤਕ ਕਿਸਾਨ ਜਗਸੀਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਵੱਲੋਂ 21 ਸਾਲ ਪਹਿਲਾਂ ਬੈਂਕ ਤੋਂ ਟਰੈਕਟਰ ਕਢਵਾਇਆ ਸੀ, ਜਿਸਦਾ ਉਨ੍ਹਾਂ ਦੇ ਸਿਰ ਦੋ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ ਪਰ ਕਰਜ਼ ਏਨਾ ਵਧ ਚੁੱਕਿਆ ਹੈ ਕਿ 6 ਮਹੀਨੇ ਪਹਿਲਾਂ ਉਸ ਦੇ ਪਤੀ ਵੱਲੋਂ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਈ। ਹੁਣ ਫਿਰ ਬੈਂਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਘਰ ਨੋਟਿਸ ਭੇਜਿਆ ਗਿਆ ਹੈ ਜਿਸ ਵਿੱਚ 7 ਲੱਖ 81 ਹਜ਼ਾਰ 725 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ, ਜਿਸਦੇ ਬਦਲੇ 26 ਕਨਾਲ 7 ਮਰਲੇ ਜ਼ਮੀਨ ਕੁਰਕ ਕਰਨ ਦਾ ਨੋਟਿਸ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ:Alert ! ਟਾਰਗੇਟ 'ਤੇ ਪੰਜਾਬ ਦੇ 5 ਵੱਡੇ ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਸਰਪ੍ਰਸਤ ਜਸਬੀਰ ਸਿੰਘ ਬਾਜਵਾ ਗੁਰਮੇਲ ਸਿੰਘ ਖੋਖਰ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਅਤੇ ਕਿਸਾਨਾਂ ਦੀ ਜ਼ਮੀਨ ਕੁਰਕ ਨਾ ਹੋਣ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਲਗਾਤਾਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨ ਕੁਰਕੀਆਂ ਕਰਨੀਆਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।