ਲੁਧਿਆਣਾ: ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਕਰਕੇ ਜਿੱਥੇ ਕਰਫਿਊ ਜਾਰੀ ਹੈ। ਉੱਥੇ ਹੀ ਕਣਕ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ। ਅਜਿਹੇ 'ਚ ਕਿਸਾਨਾਂ ਲਈ ਫਸਲ ਵੱਢਣੀ ਅਤੇ ਵੇਚਣੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਜਿਸ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਣਕ ਦੀ ਖਰੀਦ ਲਈ ਮੰਡੀਆਂ 'ਚ ਪੁਖਤਾ ਪ੍ਰਬੰਧ ਕਰ ਲੈ ਗਏ ਹਨ, ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਪੂਰੇ ਸੂਬੇ ਭਰ 'ਚ ਵਧਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਸ਼ ਕਰੈਡਿਟ ਲਿਮਟ ਵੀ 22 ਹਜ਼ਾਰ ਕਰੋੜ ਦੇ ਲੱਗਭੱਗ ਆ ਗਈ ਹੈ ਅਤੇ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਅਤੇ ਮੰਡੀਆਂ ਦੇ ਵਿੱਚ ਵੀ ਸਿਰਫ਼ 2-2 ਕਿਸਾਨਾਂ ਨੂੰ ਸੱਦਿਆ ਜਾਵੇਗਾ ਤੇ ਉਨ੍ਹਾਂ ਦੀ ਕਣਕ ਖਰੀਦੀ ਜਾਵੇਗੀ।
ਆਸ਼ੂ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਆੜ੍ਹਤੀਆਂ ਵੱਲੋਂ ਪਾਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਬਾਰਦਾਨੇ ਦਾ ਵੀ ਪੂਰਾ ਪ੍ਰਬੰਧ ਹੋ ਚੁੱਕਾ ਹੈ, ਅਤੇ ਮੰਡੀਆਂ 'ਚ ਮਜ਼ਦੂਰਾਂ ਦੇ ਲਈ ਵਿਸ਼ੇਸ਼ ਸੈਨੀਟਾਈਜ਼ਰ, ਖਾਣ ਪੀਣ ਦਾ ਪ੍ਰਬੰਧ ਅਤੇ ਮਾਸਕ ਆਦਿ ਵੀ ਆੜ੍ਹਤੀਆਂ ਵੱਲੋਂ ਹੀ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਕੋਰੋਨਾਵਾਰਿਸ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਦੇ ਹੋਏ ਕਣਕ ਦੀ ਖ਼ਰੀਦ ਨੂੰ ਨਿਰਵਿਘਨ ਚਲਾਇਆ ਜਾ ਸਕੇ।