ਲੋਹੜੀ ਵਾਲੇ ਦਿਨ ਧੁੱਪ ਨਿਕਲੀ ਵੇਖ ਲੁਧਿਆਣਾ ਵਾਸੀਆਂ ਦੇ ਖਿੜੇ ਚਿਹਰੇ
ਲੁਧਿਆਣਾ: ਪੰਜਾਬ ਵਿੱਚ ਇੱਕ ਪਾਸੇ, ਜਿੱਥੇ ਅੱਜ ਲੋਹੜੀ ਵਾਲੇ ਦਿਨ ਮੀਂਹ ਪੈਣ ਦੇ ਆਸਾਰ ਜਤਾਏ ਜਾ ਰਹੇ ਹਨ, ਉੱਥੇ ਹੀ ਮੌਸਮ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਅੱਜ ਸਵੇਰੇ ਹੀ ਪੰਜਾਬ ਦੇ ਲਗਭਗ ਸਾਰੇ ਹੀ ਇਲਾਕਿਆਂ ਵਿੱਚ ਕੜਾਕੇ ਦੀ ਧੁੱਪ ਨਿਕਲ ਆਈ ਅਤੇ ਮੌਸਮ ਸਾਫ਼ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਕਰਕੇ ਪਤੰਗ ਉਡਾਉਣ ਦੇ ਸ਼ੋਕੀਨਾਂ ਦੇ ਚਿਹਰਿਆਂ ਉੱਤੇ ਰੌਣਕ ਆ ਗਈ ਹੈ। ਦੁਕਾਨਾਂ ਉੱਤੇ ਪਤੰਗ ਖਰੀਦਣ ਦੇ ਸ਼ੌਕੀਨਾਂ ਦੀ ਭੀੜ ਦਿਖਾਈ ਦੇ ਰਹੀ ਹੈ।
ਪਤੰਗਬਾਜ਼ੀ ਦੇ ਸ਼ੌਕੀਨਾਂ ਤੇ ਦੁਕਾਨਦਾਰ ਖੁਸ਼: ਲੁਧਿਆਣਾ ਵਿੱਚ ਸਵੇਰੇ ਹੀ ਲੋਕਾਂ ਨੇ ਪਤੰਗਾਂ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਦਾ ਬੀਤੇ ਕੁਝ ਦਿਨਾਂ ਤੋਂ ਮੌਸਮ ਚੱਲ ਰਿਹਾ ਸੀ, ਉਨ੍ਹਾਂ ਨੂੰ ਉਮੀਦ ਹੀ ਨਹੀਂ ਸੀ ਕਿ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਹੋ ਸਕੇਗੀ, ਪਰ ਉਨ੍ਹਾਂ ਨੇ ਕਿਹਾ ਕਿ ਅੱਜ ਮੌਸਮ ਸਾਫ਼ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ। ਉੱਥੇ ਹੀ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਵਿਖਾਈ ਦੇ ਰਹੇ। ਦੁਕਾਨਦਾਰਾਂ ਨੇ ਕਿਹਾ ਕਿ ਇਹ ਵੱਡੇ ਨੁਕਸਾਨ ਦੀ ਸਾਨੂੰ ਉਮੀਦ ਲੱਗ ਰਹੀ ਸੀ, ਪਰ ਅੱਜ ਮੌਸਮ ਸਾਫ਼ ਹੋਣ ਨਾਲ ਲੋਕ ਵੱਡੀ ਗਿਣਤੀ ਵਿੱਚ ਪਤੰਗ ਖ਼ਰੀਦ ਰਹੇ ਹਨ, ਨਾਲ ਹੀ ਲੋਕਾਂ ਨੇ ਚਾਈਨਾ ਡੋਰ ਤੋਂ ਵੀ ਤੌਬਾ ਕੀਤੀ ਹੈ ਅਤੇ ਇੰਡੀਅਨ ਡੋਰ ਜਿਹੜੀ ਕਿ ਆਮ ਸੂਤ ਨਾਲ ਬਣਦੀ ਹੈ, ਉਸ ਦੀ ਵਧੇਰੇ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪ੍ਰਸ਼ਾਸ਼ਨ ਦਾ ਵੀ ਕਾਫੀ ਅਹਿਮ ਰੋਲ ਰਿਹਾ ਹੈ।
ਚਾਈਨਾ ਡੋਰ ਤੋਂ ਤੋਬਾ:ਪ੍ਰਸ਼ਾਸਨ ਦੀ ਸਖ਼ਤੀ ਕਰਕੇ ਹੁਣ ਲੁਧਿਆਣਾ ਦੇ ਵਿਅਕਤੀ ਚਾਈਨਾ ਡੋਰ ਦੀ ਖ਼ਰੀਦ ਫ਼ਰੋਖ਼ਤ ਤੇ ਕਾਫੀ ਠੱਲ੍ਹ ਪਈ ਹੈ। ਸਗੋਂ ਆਮ ਲੋਕ ਅਤੇ ਦੁਕਾਨਦਾਰ ਵੀ ਕਹਿ ਰਹੇ ਹਨ ਕਿ ਚਾਈਨਾ ਡੋਰ ਤੋਂ ਸਾਡੀ ਵੀ ਤੋਬਾ ਹੈ। ਜਿੱਥੇ ਨੌਜਵਾਨਾਂ ਨੇ ਕਿਹਾ ਹੈ ਕਿ ਇਸ ਵਾਰ ਉਹ ਰਵਾਇਤੀ ਡੋਰ ਦੀ ਹੀ ਵਰਤੋਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਦੁਕਾਨਦਾਰਾਂ ਨੇ ਵੀ ਕਿਹਾ ਕਿ ਲੋਕ ਪਹਿਲਾਂ ਨਾਲੋਂ ਸਮਝਦਾਰ ਹੋ ਗਏ ਹਨ। ਪ੍ਰਸ਼ਾਸਨ ਦੀ ਸਖ਼ਤੀ ਵੀ ਵੱਧ ਹੈ ਜਿਸ ਕਰਕੇ ਚਾਈਨਾ ਡੋਰ ਦੀ ਵਿਕਰੀ ਅਤੇ ਖਰੀਦ ਕਾਫੀ ਘੱਟ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਵੀ ਸਿਆਣੇ ਹੋ ਗਏ ਹਨ। ਹੁਣ ਇਸ ਦੀ ਡਿਮਾਂਡ ਵੀ ਨਹੀਂ ਕਰਦੇ ਅਤੇ ਵਿਕਰੀ ਵੀ ਨਹੀਂ ਹੈ। ਨੌਜਵਾਨ ਨੇ ਦੱਸਿਆ ਕਿ ਉਹ ਤਿੰਨ ਚਾਰ ਸਾਲ ਤੋਂ ਹੁਣ ਇਸੇ ਰਵਾਇਤ ਦੀ ਡੋਰ ਦੀ ਵਰਤੋਂ ਕਰ ਰਹੇ ਹਨ, ਕਿਉਂਕਿ ਚਾਈਨਾ ਡੋਰ ਨਾਲ ਕਾਫ਼ੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਪਹਿਲਾਂ ਇੱਕ ਦੋ ਵਾਰ ਜ਼ਰੂਰ ਖਰੀਦੀ ਸੀ, ਪਰ ਹੁਣ ਅਸੀਂ ਇਸ ਤੋਂ ਤੌਬਾ ਕਰ ਲਈ ਹੈ।
ਸਸਤੀ ਕਰਕੇ ਹੁੰਦੀ ਸੀ ਵਿਕਰੀ: ਦਰਅਸਲ ਚਾਈਨਾ ਡੋਰ ਰਵਾਇਤੀ ਡਰ ਤੋਂ ਕਿਤੇ ਜਿਆਦਾ ਸਸਤੀ ਹੋਣ ਕਰਕੇ ਦੁਕਾਨਦਾਰਾਂ ਨੂੰ ਇਸ ਦੇ ਵਿੱਚ ਕਾਫੀ ਫਾਇਦਾ ਮਿਲਦਾ ਸੀ ਅਤੇ ਇਸ ਕਰਕੇ ਹੀ ਉਹ ਚਾਈਨਾ ਡੋਰ ਦੀ ਵਧੇਰੇ ਵਰਤੋਂ ਕਰਦੇ ਸਨ। ਕੁਝ ਸਾਲ ਪਹਿਲਾਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੇ ਆਪਣੀ ਪਹਿਚਾਣ ਨਾ ਉਜਾਗਰ ਕਰਨ ਦੀ ਸ਼ਰਤ ਉੱਤੇ ਦੱਸਿਆ ਕੇ 48 ਗੱਟੂ ਮਾਲੀ ਚਾਈਨਾ ਡੋਰ ਦੀ ਪੇਟੀ ਸਾਨੂੰ 5500 ਦੇ ਕਰੀਬ ਪੈਂਦੀ ਸੀ। ਇਕ ਦੀ ਕੀਮਤ ਲਗਭਗ 100 ਰੁਪਏ ਤੋਂ ਲੈ ਕੇ 120 ਰੁਪਏ ਤੱਕ ਪੈਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਇਸ ਵਿਚ ਕਾਫੀ ਪੈਸੇ ਬਚ ਜਾਂਦੇ ਸਨ, ਕਿਉਂਕਿ ਇਹ ਅਸਾਨੀ ਨਾਲ 300 ਤੋਂ ਲੈ ਕੇ 400 ਰੁਪਏ ਤਕ ਵਿੱਕ ਜਾਂਦੀ ਸੀ। ਉਨ੍ਹਾਂ ਨੂੰ ਇੱਕ ਪੇਟੀ ਵਿੱਚ ਹੀ ਹਜ਼ਾਰਾਂ ਰੁਪਏ ਦੀ ਬੱਚਤ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਰਵਾਇਤੀ ਡੋਰ ਚਾਈਨਾ ਡੋਰ ਨਾਲੋਂ ਮਹਿੰਗੀ ਪੈਂਦੀ ਹੈ, ਕਿਉਂਕਿ ਉਹ ਭਾਰਤ ਵਿੱਚ ਬਣੇ ਸੂਤ ਦੇ ਨਾਲ ਬਣਾਈ ਜਾਂਦੀ ਹੈ। ਉਸ ਨੂੰ ਹੱਥਾਂ ਦੇ ਨਾਲ ਸੂਤਿਆ ਜਾਂਦਾ ਹੈ ਅਤੇ ਚਾਈਨਾ ਡੋਰ ਮਸ਼ੀਨ ਦੇ ਵਿਚ ਬਣਦੀ ਸੀ ਇਸ ਕਰਕੇ ਉਹ ਸਸਤੀ ਪੈਂਦੀ ਸੀ, ਪਰ ਹੁਣ ਲੋਕ ਕਾਫੀ ਬਦਲ ਚੁੱਕੇ ਨਹੀਂ ਅਤੇ ਪ੍ਰਸ਼ਾਸ਼ਨ ਵੀ ਇਸ ਨੂੰ ਲੈਕੇ ਸਖ਼ਤ ਹੋਇਆ ਹੈ।
ਇਹ ਵੀ ਪੜ੍ਹੋ:Lohri 2023 : ਸਿਆਸੀ ਨੇਤਾਵਾਂ ਵੱਲੋਂ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ, ਪੰਜਾਬ ਦੇ CM ਮਾਨ ਦੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ