ਲੁਧਿਆਣਾ: ਬੀਤੇ ਦਿਨੀਂ ਲੱਦਾਖ ਵਿੱਚ ਚੀਨੀ ਫ਼ੌਜੀਆਂ ਵੱਲੋਂ ਸਾਡੇ ਦੇਸ਼ ਦੇ ਜਵਾਨਾਂ ਉੱਤੇ ਧੋਖੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ।
ਹੁਣ ਭਾਰਤ ਦੇ ਲੋਕਾਂ ਵੱਲੋਂ ਲਗਾਤਾਰ ਚੀਨ ਦੇ ਸਮਾਨ ਉੱਤੇ ਪਾਬੰਦੀ ਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਅਸਲ ਵਿੱਚ ਇਹ ਬੰਦ ਹੋ ਸਕਦੀ ਹੈ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ।
ਲੁਧਿਆਣਾ ਦੀ ਸਾਇਕਲ ਇੰਡਸਟਰੀ ਭਾਰਤ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਇੰਡਸਟਰੀ ਹੈ। ਯੂਨਾਈਟਿਡ ਸਾਇਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐੱਸ. ਚਾਵਲਾ ਚੀਨੀ ਸਮਾਨ ਉੱਤੇ ਰੋਕ ਨੂੰ ਲੈ ਕੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਚੀਨ ਦੀ ਭਾਰਤੀ ਇੰਡਸਟਰੀ 'ਚ ਹਿੱਸੇਦਾਰੀ
ਚਾਵਲਾ ਨੇ ਦੱਸਿਆ ਕਿ ਭਾਰਤ ਵਿੱਚ ਸਾਈਕਲ ਇੰਡਸਟਰੀ ਵਿੱਚ ਚੀਨ ਦੀ ਕਿੰਨੀ ਕੁ ਹਿੱਸੇਦਾਰੀ ਹੈ ਅਤੇ ਜੇ ਚੀਨ ਦਾ ਲੱਕ ਤੋੜਨਾ ਹੈਂ ਤਾਂ ਸਾਨੂੰ ਕੀ ਉਪਰਾਲੇ ਕਰਨੇ ਪੈਣਗੇ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਚਾਵਲਾ ਨੇ ਦੱਸਿਆ ਕਿ ਜੇ ਚੀਨ ਦੇ ਸਮਾਨ ਉੱਤੇ ਮੁਕੰਮਲ ਪਾਬੰਦੀ ਲਾਉਣੀ ਹੈ ਤਾਂ ਇਸ ਦੀ ਸ਼ੁਰੂਆਤ ਲੋਕਾਂ ਤੋਂ ਕਰਨੀ ਹੋਵੇਗੀ। ਜਦੋਂ ਤੱਕ ਲੋਕ ਚੀਨੀ ਸਮਾਨ ਦੀ ਵਰਤੋਂ ਬੰਦ ਨਹੀਂ ਕਰਦੇ, ਉਦੋਂ ਤੱਕ ਚੀਨ ਤੋਂ ਸਾਮਾਨ ਦੀ ਦਰਾਮਦੀ ਵੀ ਬੰਦ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਭਾਰਤੀਆਂ ਨੂੰ ਆਪਣੀ ਸੋਚ ਅਤੇ ਮੰਗ ਵਿੱਚ ਬਦਲਾਅ ਲਿਆਉਣਾ ਪਵੇਗਾ, ਸਸਤੇ ਸਮਾਨ ਦੀ ਥਾਂ ਭਾਰਤੀ ਸਮਾਨ ਨੂੰ ਤਰਜੀਹ ਦੇਣੀ ਹੋਵੇਗੀ। ਸਾਈਕਲ ਦੇ ਪੁਰਜ਼ਿਆਂ ਬਾਰੇ ਬੋਲਦਿਆਂ ਦੱਸਿਆ ਕੀ ਚੀਨ ਤੋਂ ਹਾਲੇ ਵੀ ਵੱਡੀ ਤਦਾਦ ਵਿੱਚ ਸਮਾਨ ਭਾਰਤ ਆਉਂਦਾ ਹੈ, ਜਿਸ ਵਿੱਚ ਐਲੂਮੀਨੀਅਮ ਦੇ ਅਲਾਏ ਆਦਿ ਸ਼ਾਮਿਲ ਹਨ।
ਭਾਰਤੀਆਂ ਨੂੰ ਪਾਉਣੀ ਹੋਵੇਗੀ ਆਦਤ
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਪੋਰਸਟਸ ਸਾਈਕਲ ਚੀਨ ਤੋਂ ਹੀ ਆਉਂਦੇ ਹਨ। ਅਜਿਹਾ ਨਹੀਂ ਕਿ ਭਾਰਤ ਉਹ ਸਮਾਨ ਬਣਾ ਨਹੀ ਸਕਦਾ ਪਰ ਇਸ ਵਿੱਚ ਸਰਕਾਰਾਂ ਨੂੰ ਵੀ ਇੰਡਸਟਰੀ ਦਾ ਸਾਥ ਦੇਣਾ ਹੋਵੇਗਾ।
ਭਾਰਤੀਆਂ ਫ਼ੌਜੀਆਂ ਦੀ ਸ਼ਹਾਦਤ ਦੀ ਹਮਾਇਤ ਕਰਦਿਆਂ ਚਾਵਲਾ ਨੇ ਕਿਹਾ ਕਿ ਉਹ ਖ਼ੁਦ ਚੀਨੀ ਸਮਾਨ ਨੂੰ ਬੰਦ ਕਰਨ ਹੱਕ ਵਿੱਚ ਹਨ, ਕਿਉਂਕਿ ਚੀਨ ਸਾਨੂੰ ਸਮਾਨ ਵੇਚ ਕੇ ਉਸ ਦੇ ਮੁਨਾਫੇ ਤੋਂ ਹਥਿਆਰ ਅਤੇ ਆਪਣੀ ਫ਼ੌਜ ਨੂੰ ਮਜ਼ਬੂਤ ਕਰਦਾ ਹੈ, ਜੋ ਬਦਲੇ ਵਿੱਚ ਸਾਡੀ ਹੀ ਸਰਹੱਦ ਉੱਤੇ ਤਾਇਨਾਤ ਫ਼ੌਜੀਆਂ ਨੂੰ ਸ਼ਹੀਦ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਪੂਰੇ ਦੇਸ਼ਵਾਸੀਆਂ ਵਿੱਚ ਰਾਸ਼ਟਰ ਦੀ ਭਾਵਨਾ ਜਾਗੇਗੀ ਤਾਂ ਚੀਨ ਦੇ ਸਮਾਨ ਦਾ ਬਾਈਕਾਟ ਕਰਨਾ ਕੋਈ ਔਖਾ ਕੰਮ ਨਹੀਂ।