ਲੁਧਿਆਣਾ : ਇਹ ਕੋਈ ਨਵੀਂ ਗੱਲ ਨਹੀਂ ਕਿ ਲੁਧਿਆਣ ਵਿੱਚ ਥੋੜ੍ਹਾ ਜਿਹਾ ਮੀਂਹ ਪਿਆ ਹੋਵੇ ਤੇ ਸੜਕਾਂ ਉਤੇ ਜਲਥਲ ਨਾ ਹੋਈ ਹੋਵੇ। ਜਦੋਂ ਵੀ ਮਾਨਸੂਨ ਆਉਂਦਾ ਹੈ ਤਾਂ ਲੁਧਿਆਣਾ ਦੀਆਂ ਸੜਕਾਂ ਪਾਣੀ ਵਿੱਚ ਡੁੱਬੀਆਂ ਦੇਖੀਆਂ ਜਾਂਦੀਆਂ ਹਨ। ਪਿਛਲੇ ਦੋ ਦਿਨ ਤੋਂ ਲਗਾਤਾਰ ਮੀਂਹ ਪੈਣ ਕਰਕੇ ਲੁਧਿਆਣਾ ਦੇ ਤਾਜਪੁਰ ਰੋਡ ਉਤੇ ਸਥਿਤ ਬਣੀਆਂ ਝੁੱਗੀਆਂ-ਝੌਪੜੀਆਂ ਦੇ ਵਿੱਚ ਪਾਣੀ ਵੜ ਗਿਆ ਹੈ। ਕਈ ਝੁੱਗੀਆਂ ਪਾਣੀ ਵਿਚ ਡੁੱਬ ਗਈਆਂ ਹਨ, ਜਿਸ ਕਰਕੇ ਲੋਕ ਬੇਘਰ ਹੋ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। ਝੁੱਗੀ ਝੌਪੜੀ ਵਿਚ ਰਹਿਣ ਵਾਲੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣ ਲਈ ਅਤੇ ਮੈਡੀਕਲ ਹੈਲਪ ਦੇ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਲੁਧਿਆਣਾ ਪੂਰਬੀ ਤੋਂ ਵਿਧਾਇਕ ਵਿਸ਼ੇਸ਼ ਤੌਰ ਉਤੇ ਮੌਕੇ ਉਤੇ ਪਹੁੰਚੇ ਅਤੇ ਲੋਕਾਂ ਦਾ ਹਾਲ ਜਾਣਿਆ। ਨਾਲ ਹੀ ਉਹਨਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਗਰੀਬਾਂ ਨੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗੀ ਮਦਦ :ਝੁੱਗੀ ਝੌਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੋ ਦਿਨ ਲਗਾਤਾਰ ਮੀਂਹ ਪੈਣ ਕਰਕੇ ਪਾਣੀ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਉਨ੍ਹਾਂ ਦੀਆਂ ਝੁੱਗੀਆਂ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ। ਉਹਨਾਂ ਦੇ ਘਰ ਦਾ ਸਾਮਾਨ ਵੀ ਤਬਾਹ ਹੋ ਚੁੱਕਾ ਹੈ। ਘਰ ਵਿੱਚ ਖਾਣ ਲਈ ਰਾਸ਼ਨ ਤੱਕ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਪਾਣੀ ਦਾ ਪੱਧਰ ਹੌਲੀ ਹੌਲੀ ਵਧਣ ਲੱਗਾ, ਜਿਸ ਕਰਕੇ ਉਨ੍ਹਾਂ ਦੀਆਂ ਝੁੱਗਿਆਂ ਤੱਕ ਪਾਣੀ ਪੁੱਜ ਗਿਆ। ਇਹ ਪਾਣੀ ਬੁੱਢੇ ਨਾਲੇ ਵਿਚ ਵਧਿਆ ਹੈ। ਬੁੱਢੇ ਨਾਲੇ ਦੀ ਸਫਾਈ ਪੂਰੀ ਤਰ੍ਹਾਂ ਨਾ ਹੋਣ ਕਰਕੇ ਵੀ ਪਾਣੀ ਦੇ ਵਿੱਚ ਡਾਕ ਲੱਗਣ ਕਰਕੇ ਪਾਣੀ ਇਕੱਠਾ ਹੋ ਗਿਆ ਅਤੇ ਉਸ ਕਰ ਕੇ ਝੁੱਗੀਆਂ ਵਿਚ ਡੁੱਬ ਗਈਆਂ।