ਉੱਤਰ ਭਾਰਤ ਦੇ 'ਚ ਧੁੰਦ ਦਾ ਕਹਿਰ ਲੁਧਿਆਣਾ:ਪੂਰੇ ਉੱਤਰ ਭਾਰਤ ਦੇ ਵਿੱਚ ਧੁੰਦ ਦਾ ਕਹਿਰ ਜਾਰੀ ਹੈ ਅਤੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਖਾਸ ਕਰਕੇ ਜਿਹੜੇ ਲੋਕ ਟ੍ਰੇਨ ਰਾਹੀਂ ਯਾਤਰਾ ਕਰ ਰਹੇ ਹਨ, ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਤੋਂ ਹੋ ਕੇ ਜਾਣ ਵਾਲੀਆਂ ਇੱਕ ਦਰਜਨ ਤੋਂ ਵੱਧ ਟ੍ਰੇਨਾਂ ਆਪਣੇ ਸਮੇਂ ਤੋਂ ਦੇਰੀ ਦੇ ਨਾਲ ਚੱਲ ਰਹੀਆਂ ਹਨ। ਲਗਭਗ ਦੋ ਤੋਂ ਤਿੰਨ ਘੰਟੇ ਹਰ ਟ੍ਰੇਨ ਲੇਟ ਹੈ, ਜਦਕਿ ਲੰਬੇ ਰੂਟਾਂ ਦੀਆਂ ਟ੍ਰੇਨਾਂ ਸੱਤ ਤੋਂ ਅੱਠ ਘੰਟੇ ਤੱਕ ਵੀ ਲੇਟ ਚੱਲ ਰਹੀਆਂ ਹਨ।
ਸਟੇਸ਼ਨ ਉੱਤੇ ਉਸਾਰੀ ਦਾ ਕੰਮ ਜਾਰੀ: ਉੱਧਰ ਸਟੇਸ਼ਨ ਉੱਤੇ ਉਸਾਰੀ ਦਾ ਕੰਮ ਚੱਲਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਕਰਕੇ ਯਾਤਰੀਆਂ ਨੂੰ ਬੈਠਣ ਲਈ ਥਾਂ ਵੀ ਨਹੀਂ ਮਿਲ ਰਹੀ ਹੈ। ਲੋਕਾਂ ਨੇ ਕਿਹਾ ਹੈ ਕਿ ਸਟੇਸ਼ਨ ਦੇ ਉੱਤੇ ਉਸਾਰੀ ਦਾ ਕੰਮ ਚੱਲਣ ਕਰਕੇ ਕੁਝ ਸਮਝ ਨਹੀਂ ਆ ਰਹੀ ਹੈ।
ਆਪਣੇ ਸਮੇਂ ਤੋਂ ਲੇਟ ਚੱਲ ਰਹੀਆਂ ਇਹ ਰੇਲ ਗੱਡੀਆਂ: ਜੇਕਰ ਲੇਟ ਹੋਣ ਵਾਲੀ ਟ੍ਰੇਨਾਂ ਦੀ ਗੱਲ ਕੀਤੀ ਜਾਵੇ, ਤਾਂ ਅਮਰਪਾਲੀ ਐਕਸਪ੍ਰੈਸ 5 ਘੰਟੇ ਲੇਟ ਹੈ। ਇਸੇ ਤਰ੍ਹਾਂ ਸਰਬਤ ਦਾ ਭਲਾ ਨਿਊ ਦਿੱਲੀ ਲੋਹੀਆਂ ਡੇਢ ਘੰਟਾਂ ਲੇਟ ਅਤੇ ਜੇਹਲਮ ਐਕਸਪ੍ਰੈਸ ਜੰਮੂ ਤਵੀ 10 ਘੰਟੇ ਲੇਟ ਹੈ। ਇਸ ਤੋਂ ਇਲਾਵਾ ਮਾਲਵਾ ਐਕਸਪ੍ਰੈਸ 12919 ਆਪਣੇ ਸਮੇਂ ਤੋਂ 7 ਘੰਟੇ ਲੇਟ ਚੱਲ ਰਹੀ ਹੈ। ਇਸੇ ਤਰ੍ਹਾਂ ਦਾਦਰ ਐਕਸਪ੍ਰੈਸ, ਜੋ ਕਿ ਅੰਮ੍ਰਿਤਸਰ ਤੋਂ ਮੁੰਬਈ ਜਾਂਦੀ ਹੈ, ਉਹ ਵੀ ਆਪਣੇ ਸਮੇਂ ਤੋਂ 4 ਘੰਟੇ ਲੇਟ ਹੈ। ਲਗਭਗ ਸਾਰੀਆਂ ਹੀ ਟ੍ਰੇਨਾਂ ਧੁੰਦ ਦੇ ਕਰਕੇ ਆਪਣੇ ਸਮੇਂ ਤੋਂ 3 ਤੋਂ 4 ਘੰਟੇ ਲੇਟ ਚੱਲ ਰਹੀਆਂ ਹਨ। ਲੋਕਾਂ ਨੇ ਇਸ ਦਾ ਕਾਰਣ ਸੰਘਣੀ ਧੁੰਦ ਨੂੰ ਦੱਸਿਆ ਹੈ।
ਉੱਤਰ ਭਾਰਤ ਵਿੱਚ ਲਗਾਤਾਰ ਧੁੰਦ ਪੈ ਰਹੀ ਹੈ ਜਿਸ ਕਰਕੇ ਮੁਸਾਫਿਰ ਵੀ ਲੇਟ ਹੋ ਰਹੇ ਹਨ। ਅਜਿਹੇ ਹੀ ਇੱਕ ਮੁਸਾਫਿਰ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਅੱਜ ਲੁਧਿਆਣਾ ਵਿੱਚ ਸਵੇਰੇ ਮੀਟਿੰਗ ਸੀ ਪਰ ਟਰੇਨ ਲਗਭਗ ਉਸ ਦੀ ਅੱਠ ਘੰਟੇ ਲੇਟ ਲੁਧਿਆਣਾ ਪਹੁੰਚੀ ਹੈ। ਜਿਸ ਕਰਕੇ ਉਹ ਸਵੇਰ ਦੀ ਮੀਟਿੰਗ ਨਹੀਂ ਲੈ ਸਕਿਆ। ਹੁਣ ਉਸ ਨੂੰ ਰਾਤ ਨੂੰ ਲੁਧਿਆਣਾ ਵਿੱਚ ਹੀ ਕਿਸੇ ਹੋਟਲ ਵਿੱਚ ਰੁਕਣਾ ਪਵੇਗਾ। ਇਸ ਤੋਂ ਬਾਅਦ ਅਗਲੇ ਦਿਨ ਹੁਣ ਉਹ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਜਾਵੇਗਾ। ਇਸੇ ਤਰ੍ਹਾਂ ਇੱਕ ਬਜ਼ੁਰਗ ਜੋ ਕਿ ਸਹਾਰਨਪੁਰ ਜਾਣ ਲਈ ਬੈਠੇ ਸਨ, ਉਹ ਵੀ ਲੇਟ ਹੋ ਗਏ ਹਨ।