ਲੁਧਿਆਣਾ:ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ 2015 ਅਤੇ 2017 ਦੇ ਵਿਦਿਆਰਥੀ ਦਾ ਬੈਚ ਮੁਸ਼ਕਿਲ ਵਿੱਚ ਫਸ ਗਿਆ ਹੈ। ਇਨ੍ਹਾਂ ਬੈਚ ਦੇ ਵਿਦਿਆਰਥੀਆਂ ਵੱਲੋਂ ਸਕਾਲਰਸ਼ਿਪ ਰਾਹੀਂ ਕਾਲਜ ਵਿੱਚ ਦਾਖਲਾ ਲਿਆ ਗਿਆ ਸੀ ਅਤੇ ਕਾਲਜ ਵਲੋਂ ਇਨ੍ਹਾਂ ਕੋਲੋਂ ਸੁਰੱਖਿਆ ਦੇ ਤੌਰ 'ਤੇ ਚੈੱਕ ਲਏ ਗਏ ਸਨ ਤੇ ਬੈਂਕ 'ਚ ਲਾਏ ਗਏ, ਪਰ ਸਰਕਾਰ ਵੱਲੋਂ ਸਕਾਲਰਸ਼ਿਪ ਦਾ ਪੈਸਾ ਨਾ ਆਉਣ ਕਰਕੇ ਵਿਦਿਆਰਥੀਆਂ ਨੂੰ 420 ਦੇ ਸਮੰਨ ਜਾਰੀ ਹੋ ਗਏ ਅਤੇ ਇਨ੍ਹਾਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ।
ਕੀ ਹੈ ਮਾਮਲਾ: ਮਾਮਲਾ ਐੱਸ.ਸੀ. ਸਕਾਲਰਸ਼ਿਪ ਦੇ ਪੈਸੇ ਨਾ ਮਿਲਣ ਦਾ ਹੈ। ਸਕਾਲਰਸ਼ਿਪ ਦੇ ਪੈਸੇ ਨਾ ਆਉਣ ਕਰਕੇ ਸਾਰਾ ਠੀਕਰਾ ਕਾਲਜ ਵਲੋਂ ਵਿਦਿਆਰਥੀਆਂ ਦੇ ਸਿਰ ਭੰਨ ਦਿੱਤਾ ਹੈ। ਐਸਸੀ ਸਕਾਲਰਸ਼ਿਪ ਦੇ ਤਹਿਤ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਪੈਸੇ ਪਾਸ ਹੋਣ ਤੋਂ ਬਾਅਦ ਚੈੱਕ ਦੇਣ ਦੀ ਗੱਲ ਕਹੀ ਗਈ ਸੀ, ਪਰ ਸਰਕਾਰ ਵੱਲੋਂ ਵਜ਼ੀਫ਼ੇ ਦੇ ਪੈਸੇ ਨਾ ਦੇਣ ਕਾਰਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ ਜਿਸ ਦਾ ਵਿਦਿਆਰਥੀਆਂ ਨੇ ਵਿਰੋਧ ਕੀਤਾ ਅਤੇ ਕਾਲਜ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਵਿਦਿਆਰਥੀਆਂ ਦਾ ਕੀ ਕਹਿਣਾ:ਇਸ ਦੌਰਾਨ ਗੱਲਬਾਤ ਕਰਦਿਆਂ ਕਾਲਜ ਦੀ ਵਿਦਿਆਰਥਣ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਦੀ ਵਿਦਿਆਰਥਣ ਹੈ ਅਤੇ ਉਸ ਨੇ ਐਸਸੀ ਸਕਾਲਰਸ਼ਿਪ ਸਕੀਮ ਤਹਿਤ ਕਾਲਜ ਵਿੱਚ ਦਾਖ਼ਲਾ ਲਿਆ ਸੀ। ਇਸ ਤਹਿਤ ਕਾਲਜ ਨੇ ਉਸ ਤੋਂ ਚੈੱਕ ਲੈਕੇ ਕਿਹਾ ਸੀ ਕਿ ਜਦੋਂ ਵਜ਼ੀਫ਼ੇ ਦੇ ਪੈਸੇ ਆ ਜਾਣਗੇ, ਤਾਂ ਉਹ ਉਨ੍ਹਾ ਨੂੰ ਚੈੱਕ ਵਾਪਿਸ ਕਰ ਦੇਣਗੇ। ਪਰ, ਉਨ੍ਹਾਂ ਨੇ ਉਹ ਬੈਂਕ ਵਿੱਚ ਲਗਾ ਦਿੱਤੇ, ਕਿਉਂਕਿ ਕਾਲਜ ਨੂੰ ਵਜ਼ੀਫੇ ਦੇ ਪੈਸੇ ਹੀ ਨਹੀਂ ਆਏ। ਵਿਦਿਆਰਥਣ ਨੇ ਕਿਹਾ ਕਿ ਪੈਸੇ ਆਉਣ ਜਾਂ ਨਾ ਆਉਣ ਦੀ ਜ਼ਿੰਮੇਵਾਰੀ ਸਰਕਾਰ ਜਾਂ ਕਾਲਜ ਦੀ ਹੈ, ਪਰ ਇਸ ਦੇ ਬਾਵਜੂਦ ਸਾਨੂੰ ਇਸ ਵਿੱਚ ਪਾਰਟੀ ਬਣਾ ਕੇ ਸੰਮਨ ਜਾਰੀ ਕਰ ਦਿੱਤੇ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਚਿੰਤਾ ਹੈ ਕਿ ਹੁਣ ਉਨ੍ਹਾਂ ਦੇ ਵਿਆਹ ਵੀ ਹੋ ਚੁੱਕੇ ਹਨ ਅਤੇ ਕਈਆਂ ਦੇ ਬੱਚੇ ਹੋ ਚੁੱਕੇ ਹਨ, ਇਸ ਮੁਸੀਬਤ ਤੋਂ ਕਿਵੇਂ ਨਿਕਲਿਆ ਜਾਵੇਗਾ।