ਲੁਧਿਆਣਾ: ਜ਼ਿਲ੍ਹੇ 'ਚ ਕੁੱਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਮੋਦੀਖਾਨੇ ਦਾ ਮੈਡੀਕਲ ਐਸੋਸੀਏਸ਼ਨ ਨੇ ਕੀਤਾ ਵਿਰੋਧ, ਮਦਦ ਲਈ ਪਹੁੰਚੇ ਬੈਂਸ - ਮੈਡੀਕਲ ਐਸੋਸੀਏਸ਼ਨ
ਲੁਧਿਆਣਾ 'ਚ ਕੁੱਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ, ਜਿੱਥੇ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਬੀਤੇ ਕਈ ਦਿਨਾਂ ਤੋਂ ਮੈਡੀਕਲ ਐਸੋਸੀਏਸ਼ਨ ਵੱਲੋਂ ਇਸ ਨੇਕ ਕੰਮ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮਗਰੋਂ ਸੋਸ਼ਲ ਮੀਡੀਆ 'ਤੇ ਇਸ ਮੋਦੀਖਾਨੇ ਦਾ ਲਗਾਤਾਰ ਪ੍ਰਚਾਰ ਹੋ ਰਿਹਾ ਹੈ ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਜ਼ਾਹਿਰ ਕੀਤਾ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ 'ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬਲਜਿੰਦਰ ਜਿੰਦੂ ਦਾ ਸਾਥ ਦੇਣ ਲਈ ਆਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਲੋਕ ਭਲਾਈ ਦਾ ਕੰਮ ਹੈ ਅਤੇ ਸਰਕਾਰ ਨੂੰ ਗੁਰੂ ਨਾਨਕ ਮੋਦੀਖ਼ਾਨੇ ਦੀ ਮਦਦ ਕਰਨੀ ਚਾਹੀਦੀ ਹੈ ਪਰ ਇਸ ਦੇ ਉਲਟ ਮੈਡੀਕਲ ਐਸੋਸੀਏਸ਼ਨ ਅਤੇ ਕੁੱਝ ਆਗੂ ਆਪਣੇ ਸਵਾਰਥ ਲਈ ਇਸ ਨੇਕ ਕੰਮ ਦਾ ਵਿਰੋਧ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਬੈਂਸ ਨੇ ਕਿਹਾ ਕਿ ਉਹ ਇਨ੍ਹਾਂ ਦੇ ਨਾਲ ਹਨ ਅਤੇ ਸਰਕਾਰੀ ਅਫਸਰਾਂ ਅਤੇ ਸਿਹਤ ਸਕੱਤਰ ਨਾਲ ਵੀ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਮੋਦੀਖਾਨਾ ਫੈਕਟਰੀ ਕੀਮਤਾਂ 'ਤੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾ ਰਿਹਾ ਹੈ, ਜਿਸ ਕਾਰਨ ਵੱਡੀ ਤਦਾਦ 'ਚ ਲੋਕ ਲਾਈਨਾਂ ਲਗਾ ਕੇ ਇੱਥੇ ਦਵਾਈਆਂ ਲੈਣ ਆਉਂਦੇ ਹਨ, ਜਿਸ ਦਾ ਮੈਡੀਕਲ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।