ਲੁਧਿਆਣਾ:ਸਰਦੀਆਂ ਆਉਂਦੇ ਹੀ ਪਸ਼ੂਆਂ ਦੇ ਦੁੱਧ ਵਿੱਚ ਭਾਰੀ ਕਮੀ ਵੇਖਣ ਨੂੰ ਮਿਲਦੀ ਹੈ। 30 ਫੀਸਦੀ ਤੱਕ ਸਰਦੀਆਂ ਅੰਦਰ ਦੁਧਾਰੂ ਪਸ਼ੂਆਂ ਦਾ ਦੁੱਧ ਘਟ ਜਾਂਦਾ ਹੈ, ਭਾਵੇਂ ਉਹ ਕੋਈ ਵੀ ਨਸਲ ਹੋਵੇ। ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਨਾ ਪੈਂਦਾ ਹੈ, ਪਰ ਹੁਣ ਪਰਾਲੀ ਦੀ ਵਰਤੋਂ ਕਰਕੇ ਇਸ ਸਮੱਸਿਆ ਦੇ ਨਾਲ ਨਜਿੱਠਿਆ ਜਾ ਸਕਦਾ ਹੈ। ਪਰਾਲੀ ਦੀ 30 ਸੈਂਟੀਮੀਟਰ ਤੱਕ ਦੀ ਲੇਅਰ ਪਸ਼ੂਆਂ ਹੇਠਾਂ ਵਿਛਾਉਣ ਨਾਲ ਉਨ੍ਹਾਂ ਨੂੰ ਠੰਢ ਨਹੀਂ ਲੱਗਦੀ ਅਤੇ ਨਾਲ ਹੀ ਉਨ੍ਹਾਂ ਦਾ ਦੁੱਧ ਵੀ ਨਹੀਂ ਘੱਟਦਾ।
ਪਰਾਲੀ ਨਾਲ ਪਸ਼ੂਆਂ 'ਚ ਦੁੱਧ ਘੱਟਣ ਦੀ ਸਮੱਸਿਆ ਦਾ ਹੱਲ: ਖੇਤੀਬਾੜੀ ਮਾਹਿਰਾਂ ਨੇ ਇਸ ਦੀ ਹਾਮੀ ਭਰੀ ਹੈ ਅਤੇ ਇਸ ਨੂੰ ਕਿਸਾਨਾਂ ਲਈ ਕਾਫੀ ਲਾਹੇਵੰਦ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਦੁਧਾਰੂ ਪਸ਼ੂਆਂ ਲਈ ਹੀ ਨਹੀਂ ਸਗੋਂ ਪਾਲਤੂ ਜਾਨਵਰਾਂ ਹੇਠਾਂ ਵੀ ਪਰਾਲੀ ਵਿਛਾਉਣ ਨਾਲ ਉਨ੍ਹਾਂ ਨੂੰ ਠੰਢ ਤੋਂ ਕਾਫੀ ਰਾਹਤ ਮਿਲਦੀ ਹੈ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਹੈ ਕਿ ਹੁਣ ਪਰਾਲੀ ਦੀ ਡਿਮਾਂਡ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਵੀ ਪਰਾਲੀ ਲਗਾਤਾਰ ਸਪਲਾਈ ਕੀਤੀ ਜਾ ਰਹੀ ਹੈ। ਇਸ ਦਾ ਪ੍ਰਤੀ ਕੁਇੰਟਲ 200 ਰੁਪਏ ਦੇ ਕਰੀਬ ਇਜ਼ਾਫਾ ਵੀ ਹੋਇਆ ਹੈ।
ਪਰਾਲੀ ਪਸ਼ੂਆਂ ਦਾ ਠੰਢ ਤੋਂ ਕਰੇਗੀ ਬਚਾਅ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਨਜੀਤ ਸਿੰਘ ਨੇ ਦੱਸਿਆ ਹੈ ਕਿ ਸਰਦੀਆਂ ਦੇ ਵਿੱਚ ਅਕਸਰ ਹੀ ਪੰਜਾਬ ਦੇ ਅੰਦਰ ਕੜਾਕੇ ਦੀ ਠੰਡ ਪੈਣ ਕਰਕੇ ਪਸ਼ੂਆਂ ਦੇ ਦੁੱਧ ਦੇ ਵਿੱਚ 25 ਫੀਸਦੀ ਤੱਕ ਦੀ ਕਮੀ ਆ ਜਾਂਦੀ ਹੈ। ਸਰਦੀਆਂ ਦੇ ਵਿਚ ਪਸ਼ੂਆਂ ਦੀ ਸਾਂਭ ਸੰਭਾਲ ਦਾ ਵੀ ਕਿਸਾਨਾਂ ਨੂੰ ਖਾਸ ਖਿਆਲ ਰੱਖਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਅੱਜ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਕਾਫ਼ੀ ਪੁਰਾਣੀ ਸਮੱਸਿਆ ਹੈ।