ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅੰਮ੍ਰਿਤਸਰ ਵਿੱਚ ਅਨਵਰ ਮਸੀਹ ਨੂੰ ਲੈ ਕੇ ਮੁੜ ਤੋਂ ਸੂਬਾ ਸਰਕਾਰ ਅਤੇ ਅਕਾਲੀ ਭਾਜਪਾ ਦੇ ਗੰਢ ਤੁੱਪ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕੈਪਟਨ ਦੀ ਸ਼ਹਿ ਤੋਂ ਅਨਵਰ ਮਸੀਹ ਨੂੰ ਆਜ਼ਾਦ ਨਹੀਂ ਕੀਤਾ ਜਾ ਸਕਦਾ ਸੀ ਤੇ ਹੁਣ ਪੁਲਿਸ ਉਸ ਨੂੰ ਆਜ਼ਾਦ ਕਰਨ ਤੋਂ ਬਾਅਦ ਖੁਦ ਉਸ ਦੇ ਖ਼ਿਲਾਫ਼ ਨੋਟਿਸ ਕੱਢ ਰਹੀ ਹੈ।
ਸਿਮਰਜੀਤ ਬੈਂਸ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਇਹ ਸਾਂਝ ਹੋ ਚੁੱਕੀ ਹੈ ਕਿ ਬਿਕਰਮ ਮਜੀਠੀਆ ਨੂੰ ਚਿੱਟੇ ਦੇ ਮਾਮਲੇ ਤੇ ਕੁਝ ਵੀ ਨਹੀਂ ਕਹਿਣਾ ਹੈ। ਉਨ੍ਹਾਂ ਕਿਹਾ ਕਿ ਅਨਵਰ ਮਸੀਹ ਦੇ ਤਾਰ ਕਿਹੜੇ ਵੱਡੇ ਸਿਆਸੀ ਲੀਡਰਾਂ ਨਾਲ ਜੁੜੇ ਹੋਏ ਸਨ ਇਸ ਦੀ ਪੁਲਿਸ ਨੂੰ ਤਫਤੀਸ਼ ਕਰਨੀ ਚਾਹੀਦੀ ਸੀ।
ਬੈਂਸ ਨੇ ਕਿਹਾ ਕਿ ਦਿੱਲੀ ਚੋਣਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਪ੍ਰਚਾਰ ਕਰ ਰਹੇ ਹਨ, ਕੀ ਉਨ੍ਹਾਂ ਨੇ ਪੰਜਾਬ 'ਚ ਨੌਕਰੀ ਦਿੱਤੀ?... ਬਿਜਲੀ ਸਸਤੀ ਦਿੱਤੀ?... ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਸਮਝਦਾਰ ਹਨ ਤੇ ਨਾਲ ਹੀ ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹੇ ਜਾਣ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਉਹ ਸਭ ਤੋਂ ਵੱਧ ਬਹੁਮਤ ਨਾਲ ਜਿੱਤੇ ਹੋਏ ਮੁੱਖ ਮੰਤਰੀ ਨੇ ਅਜਿਹਾ ਭਾਜਪਾ ਨੂੰ ਨਹੀਂ ਕਹਿਣਾ ਚਾਹੀਦਾ।
ਉਧਰ ਲਗਾਤਾਰ ਸਿੱਖ ਜਥੇਬੰਦੀਆਂ ਅਤੇ ਢੱਡਰੀਆਂ ਵਾਲਿਆਂ ਵਿੱਚ ਚੱਲ ਰਹੇ ਦੀਵਾਨ ਲਾਉਣ ਦੇ ਵਿਵਾਦ 'ਤੇ ਬੈਂਸ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਮਾਮਲੇ ਨੂੰ ਵਿਚਾਰਨ ਲਈ ਕਮੇਟੀ ਬਣਾਈ ਗਈ ਹੈ, ਉਸ ਕਮੇਟੀ ਨਾਲ ਢੱਡਰੀਆਂ ਵਾਲਿਆਂ ਨੂੰ ਇੱਕ ਵਾਰ ਜ਼ਰੂਰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ।