ਮੋਰਿੰਡ ਬੇਅਦਬੀ ਘਟਨਾ: ਸਾਂਸਦ ਬਿੱਟੂ ਨੇ ਸ਼੍ਰੋਮਣੀ ਕਮੇਟੀ 'ਤੇ ਚੁੱਕੇ ਸਵਾਲ, ਕਿਹਾ- ਸਿੱਖੀ ਪ੍ਰਚਾਰ ਕਰਨ ‘ਚ ਸ਼੍ਰੋਮਣੀ ਕਮੇਟੀ ਫੇਲ੍ਹ ਖੰਨਾ:ਮੋਰਿਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਸੋਮਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਜੁੱਤੀ ਸਣੇ ਗੁਰਦੁਆਰੇ ਦੇ ਅੰਦਰ ਦਾਖਲ ਹੋਇਆ ਅਤੇ ਪਾਠ ਕਰ ਰਹੇ ਦੋ ਗ੍ਰੰਥੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਘਟਨਾ ਤੋਂ ਬਾਅਦ ਗੁਰਦੁਆਰੇ 'ਚ ਮੌਜੂਦ ਲੋਕਾਂ ਨੇ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸੰਗਤਾਂ ਨੇ ਨੌਜਵਾਨ ਨੂੰ ਘੜੀਸ ਕੇ ਗੁਰਦੁਆਰੇ ਤੋਂ ਬਾਹਰ ਕੱਢਿਆ।
ਪਗੜੀਧਾਰੀ ਨੌਜਵਾਨ ਵੱਲੋਂ ਬੇਅਦਬੀ, ਬੇਹਦ ਦੁੱਖਦਾਈ:ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਉਦੋਂ ਵੀ ਕਦੇ ਇਹੋ ਜਿਹੀ ਘਟਨਾ ਨਹੀਂ ਹੋਈ ਕਿ ਕਿਸੇ ਨੇ ਗੁਰੂ ਘਰ ਅੰਦਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਹੋਵੇ, ਪਰ ਅੱਜ ਹੱਦ ਹੋ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਮੋਰਿੰਡਾ ਵਿਖੇ ਤਾਂ ਹੱਦ ਹੀ ਹੋ ਗਈ ਕਿ ਪੱਗੜੀਧਾਰੀ ਨੌਜਵਾਨ ਵੱਲੋਂ ਗੁਰੂ ਘਰ ਅੰਦਰ ਜਾ ਕੇ ਪਾਠ ਕਰ ਰਹੇ ਗ੍ਰੰਥੀ ਅਤੇ ਉੱਥੇ ਸੇਵਾ ਕਰ ਰਹੀ ਔਰਤ ਨੂੰ ਧੱਕਾ ਮਾਰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੀ ਦੁਖਦਾਈ ਗੱਲ ਹੈ। ਇਸ ਮੁਲਜ਼ਮ ਨੂੰ ਹੁਣ ਮੰਦਬੁੱਧੀ ਕਹਿ ਕੇ ਛੱਡਣਾ, ਅਜਿਹਾ ਨਹੀਂ ਚੱਲੇਗਾ, ਇਸ ਨੂੰ ਸਖ਼ਤ ਤੋਂ ਸਖਡਤ ਸਜ਼ਾ ਮਿਲਣੀ ਚਾਹੀਦੀ ਹੈ।
ਸਿੱਖੀ ਪ੍ਰਚਾਰ ਕਰਨ ‘ਚ ਸ਼੍ਰੋਮਣੀ ਕਮੇਟੀ ਫੇਲ੍ਹ : ਰਵਨੀਤ ਬਿੱਟੂ ਨੇ ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਉਪਰ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਇੱਕ ਪਰਿਵਾਰ ਦੀ ਸੇਵਾ ਤੋਂ ਬਾਹਰ ਆ ਕੇ ਸਿੱਖ ਪੰਥ ਲਈ ਬਣਦੇ ਫਰਜ਼ ਨਿਭਾਉਣੇ ਚਾਹੀਦੇ ਹਨ। ਕਿਉਂਕਿ, ਸ਼੍ਰੋਮਣੀ ਕਮੇਟੀ ਨੇ ਬਹੁਤ ਸਾਰੀਆਂ ਗ਼ਲਤੀਆਂ ਅਤੇ ਲਾਪਰਵਾਹੀਆਂ ਕੀਤੀਆਂ ਹਨ ਜਿਸ ਨਾਲ ਸਿੱਖ ਪੰਥ ਨੂੰ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਕੀ ਧਰਮ ਆਪਣਾ ਪ੍ਰਚਾਰ ਕਰਦੇ ਹਨ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਹੈ। ਪ੍ਰਚਾਰ ‘ਚ ਸ਼੍ਰੋਮਣੀ ਕਮੇਟੀ ਫੇਲ੍ਹ ਸਾਬਤ ਹੋਈ ਹੈ।
ਬੁੱਧੀਜੀਵੀ ਬੈਠ ਕੇ ਇਸ 'ਤੇ ਵਿਚਾਰ ਕਰਨ:ਸਾਂਸਦ ਬਿੱਟੂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਕੋਲ ਲੜਾਈ ਝਗੜਿਆਂ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਹੈ। ਲੋਕਾਂ ਨੂੰ ਗੁਰੂ ਲੜ ਲਗਾਉਣ ਦੇ ਕੰਮ ਨੂੰ ਸ਼੍ਰੋਮਣੀ ਕਮੇਟੀ ਭੁੱਲ ਚੁੱਕੀ ਹੈ। ਜਦੋਂ ਤੱਕ ਸ਼੍ਰੋਮਣੀ ਕਮੇਟੀ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕਰੇਗੀ, ਤਾਂ ਇਹੋ ਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਉਪਰ ਬੁੱਧੀਜੀਵੀਆਂ ਨੂੰ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਕਿਸੇ ਨਤੀਜੇ ਉਪਰ ਪਹੁੰਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ:Roopnagar news: ਮੋਰਿੰਡਾ ਬੇਅਦਬੀ ਕਾਂਡ ਉਤੇ ਸਿਆਸੀ ਬਵਾਲ, ਵਿਰੋਧੀ ਧਿਰਾਂ ਦੇ ਸਵਾਲਾਂ 'ਚ ਘਿਰੀ ਭਗਵੰਤ ਮਾਨ ਸਰਕਾਰ