ਲੁਧਿਆਣਾ: ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਚਰਨਜੀਤ ਸਿੰਘ ਸੋਹਲ ਵੱਲੋਂ ਜਾਰੀ ਆਦੇਸ਼ਾਂ ਤਹਿਤ ਡੀਐਸਪੀ ਰਾਏਕੋਟ ਸੁਖਨਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਥਾਣਾ ਮੁਖੀ ਅਜੈਬ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਅਤੇ ਸਮਾਜ ਵਿਰੋਧ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਚੌਕੀ ਲੋਹਟਬੱਦੀ ਵੱਲੋਂ ਦੋ ਵਿਅਕਤੀਆਂ ਨੂੰ ਭੁੱਕੀ (ਚੂਰਾ ਪੋਸਤ) ਸਮੇਤ ਕਾਬੂ ਕੀਤਾ ਗਿਆ।
ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਜਾਇਬ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਐੱਸ ਆਈ ਅਮਰਜੀਤ ਸਿੰਘ ਨੂੰ ਮੁਖ਼ਬਰ ਵੱਲੋਂ ਇਤਲਾਹ ਮਿਲੀ ਸੀ ਕਿ ਕਰਮਜੀਤ ਸਿੰਘ ਉਰਫ ਕਾਲਾ ਪੁੱਤਰ ਗੁਰਮੇਲ ਸਿੰਘ ਵਾਸੀ ਰਛੀਨ ਅਤੇ ਬਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਹੇਰਨਾਂ ਕਲਾ ਨਸ਼ਾ ਵੇਚਣ ਦਾ ਆਦੀ ਹਨ ਅਤੇ ਉਹ ਮਹੇਰਨਾ ਕਲਾਂ ਵੱਲੋਂ ਨਸ਼ਾ ਸਪਲਾਈ ਕਰਨ ਲਈ ਆ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਐਸਆਈ ਅਮਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮਹੇਰਨਾ ਕਲਾ-ਕੰਗਣਵਾਲ ਰੋਡ 'ਤੇ ਸਥਿਤ ਸੰਤਪੁਰਾ ਮਹੇਰਨਾ ਨਜ਼ਦੀਕ ਨਾਕੇਬੰਦੀ ਦੌਰਾਨ ਉਕਤ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ।