ਲੁਧਿਆਣਾ: ਸ਼ਹਿਰ 'ਚ ਲਗਾਤਾਰ ਸਨੈਚਿੰਗ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਤੋਂ ਸਾਹਮਣੇ ਆਇਆ ਹੈ ਜਿਥੇ 2 ਮਹਿਲਾਵਾਂ ਨੇ ਹਿੰਮਤ ਦਿਖਾਉਂਦਿਆਂ ਇੱਕ ਸਨੈਚਰ ਨੂੰ ਕਾਬੂ ਕਰ ਲਿਆ ਜਦੋਂਕਿ ਦੂਜਾ ਭੱਜਣ ਵਿੱਚ ਕਾਮਯਾਬ ਰਿਹਾ। ਇਸ ਦੌਰਾਨ ਜੰਮ ਕੇ ਪਹਿਲਾਂ ਸਨੈਚਰ ਦੀ ਛਿੱਤਰ ਪਰੇਡ ਕੀਤੀ ਗਈ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਕਾਬੂ ਕੀਤੇ ਗਏ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ।
ਮਹਿਲਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਬੇਟੀ ਜਦੋਂ ਸਰਾਭਾ ਨਗਰ ਮਾਰਕੀਟ 'ਚ ਜਾ ਰਹੇ ਸਨ ਅਤੇ ਅਚਾਨਕ ਇੱਕ ਨੌਜਵਾਨ ਨੇ ਉਨ੍ਹਾਂ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਬੇਟੀ ਨੇ ਹਿੰਮਤ ਵਿਖਾਉਂਦਿਆਂ ਪਰਸ ਨੂੰ ਘੁੱਟ ਕੇ ਫੜ ਲਿਆ ਜਿਸ ਕਾਰਨ ਮੁਲਜ਼ਮ ਹੇਠਾਂ ਡਿੱਗਿਆ ਅਤੇ ਉਨ੍ਹਾਂ ਦੀ ਬੇਟੀ ਵੀ ਡਿੱਗ ਗਈ। ਇਸ ਤੋਂ ਬਾਅਦ ਤੁਰੰਤ ਮਾਰਕੀਟ ਦੇ ਲੋਕਾਂ ਨੇ ਇਕੱਠੇ ਹੋ ਕੇ ਮੁਲਜ਼ਮ ਨੂੰ ਦਬੋਚ ਲਿਆ। ਇਸ ਤੋਂ ਬਾਅਦ ਪੁਲਿਸ ਨੂੰ ਸੱਦ ਕੇ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।