ਡਾਕਟਰ ਪਵਨੀਤ ਕੌਰ ਕਿੰਗਰਾ, ਮੌਸਮ ਵਿਗਿਆਨੀ ਲੁਧਿਆਣਾ/ਪਠਾਨਕੋਟ:ਤਾਪਮਾਨ ਡਿੱਗਣ ਦੇ ਚੱਲਦਿਆਂ ਉੱਤਰੀ ਭਾਰਤ ਵਿੱਚ ਠੰਡ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਗਿਆਨੀਆਂ ਵੱਲੋਂ ਵੀ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਵਾਹਨਾਂ ਚਲਾਉਣ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ, ਬੇਸ਼ੱਕ ਪੰਜਾਬ ਵਿੱਚ ਅੱਜ ਕੋਹਰੇ ਦੀ ਸ਼ੁਰੂਆਤ ਹੋਈ ਹੈ ਪਰ ਹੁਣ ਪੂਰੇ ਪੰਜਾਬ ਵਿੱਚ ਧੁੰਦ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ। ਆਉਂਦੇ 2 ਦਿਨਾਂ ਦੇ ਲਈ ਪੰਜਾਬ ਦੇ ਵਿੱਚ ਓਰੇਂਜ ਅਲਰਟ ਵੀ ਜਾਰੀ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਸੰਘਣੀ ਧੁੰਦ (Punjab Weather) ਪੈਣ ਦੇ ਆਸਾਰ ਬਣੇ ਹੋਏ ਨੇ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਕੋਹਰੇ ਦੀ ਸ਼ੁਰੂਆਤ ਹੋ ਸਕਦੀ ਹੈ।
ਸੜਕਾਂ ਉੱਤੇ ਵਿਜ਼ੀਬਿਲਟੀ ਹੋਈ ਜ਼ੀਰੋ:ਪਠਾਨਕੋਟ ਦੀ ਕਰੀਏ ਤਾਂ ਇੱਥੇ ਅੱਜ ਪਹਿਲੇ ਵਾਰ ਪਈ ਸੰਘਣੀ ਧੁੰਦ ਦੇ ਕਾਰਨ ਸੜਕਾਂ ਦੇ ਉੱਪਰ ਵਿਜੀਬਿਲਿਟੀ ਘੱਟ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਆਣ-ਜਾਣ ਦੇ ਵਿੱਚ ਵੀ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਡੀਆਂ ਦੀਆਂ ਲਾਈਟਾਂ ਜਗਾ ਕੇ ਹੀ ਸਫਰ ਤੈਅ ਕਰਨਾ ਪੈ ਰਿਹਾ ਹੈ ਅਤੇ ਗੱਡੀਆਂ ਦੀ ਰਫਤਾਰ ਵੀ ਘੱਟ ਹੋ ਚੁੱਕੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਵੱਧ ਰਹੀ ਠੰਢ ਨੂੰ ਵੇਖਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਇੱਕ ਚੰਗਾ ਫੈਸਲਾ ਹੈ ਪਰ ਕੰਮਾਂ ਉੱਤੇ ਜਾਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦੇ ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਘਰੋਂ ਬਾਹਰ ਨਿਕਲਣਾ ਹੈ ਤਾਂ ਗਰਮ ਕੱਪੜੇ ਜ਼ਰੂਰ ਪਾਏ ਜਾਣ ਅਤੇ ਸੜਕ ਉੱਤੇ ਚਲਦੇ ਸਮੇਂ ਰਫਤਾਰ ਘੱਟ ਹੀ ਰੱਖੀ ਜਾਏ ਤਾਂ ਕਿ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ ਅਤੇ ਠੰਡ ਤੋਂ ਵੀ ਬਚਿਆ ਜਾ ਸਕੇ।
ਫਸਲਾਂ ਨੂੰ ਨੁਕਸਾਨ: ਪੰਜਾਬ ਖੇਤੀਬਾੜੀ ਯੂਨਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਨੇ ਕਿਹਾ ਕਿ ਜਦੋਂ ਪਾਰਾ ਘਟੋ-ਘੱਟ 4 ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ ਤਾਂ ਉਦੋਂ ਠੰਢ ਵੱਧਣ ਦੇ ਨਾਲ ਕੋਹਰਾ ਪੈਂਦਾ ਹੈ। ਇਹ ਕੋਹਰਾ ਆਲੂ ਅਤੇ ਟਮਾਟਰਾਂ ਦੀ ਫਸਲ ਲਈ ਨੁਕਸਾਨਦਾਇਕ ਹੁੰਦਾ ਹੈ। ਇਸ ਤੋਂ ਫਸਲਾਂ ਨੂੰ ਬਚਾਉਣ ਲਈ ਕਿਸਾਨ ਵੀਰਾਂ ਨੂੰ ਕਈ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਡਾਕਟਰ ਪਵਨੀਤ ਕਿੰਗਰਾ ਨੇ ਕਿਹਾ ਕਿ ਮੁੱਖ ਤੌਰ ਉੱਤੇ ਆਲੂ ਅਤੇ ਟਮਾਟਰ ਦੀ ਫਸਲ ਨੂੰ ਕੋਹਰੇ ਦੇ ਨਾਲ ਨੁਕਸਾਨ ਪਹੁੰਚ ਸਕਦਾ ਹੈ, ਜਿਸ ਤੋਂ ਬਚਣ ਲਈ ਕਿਸਾਨਾਂ ਨੂੰ ਆਪਣੀ ਫਸਲ ਨੂੰ ਥੋੜ੍ਹਾ ਪਾਣੀ ਲਗਾਉਣਾ ਚਾਹੀਦਾ ਹੈ, ਇਹ ਪਾਣੀ ਧਰਤੀ ਨੂੰ ਤਾਪਮਾਨ ਵਧਾਉਣ ਵਿੱਚ ਮਦਦ ਕਰਦਾ ਹੈ। ਫਸਲ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਕੇ ਵੀ ਇਸ ਦਾ ਬਚਾਅ ਕੀਤਾ ਜਾ ਸਕਦਾ ਹੈ।
ਮੌਸਮ ਵਿਗਿਆਨੀ ਨੇ ਕਿਹਾ ਕਿ ਜ਼ਿਆਦਾ ਸਮੇਂ ਤੱਕ ਕੋਹਰਾ ਪੈਣ ਦੇ ਨਾਲ ਕਣਕ ਦੀ ਫਸਲ ਨੂੰ ਵੀ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜਿਸ ਨੂੰ ਲੈ ਕੇ ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਫਸਲਾਂ ਦੇ ਨਾਲ-ਨਾਲ ਇਨਸਾਨਾਂ ਦੇ ਲਈ ਵੀ ਇਹ ਠੰਡ ਹਾਨੀਕਾਰਕ ਹੁੰਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਲਰਟ ਦੇ ਚੱਲਦਿਆਂ ਜ਼ਰੂਰੀ ਹੋਣ ਉੱਤੇ ਹੀ ਘਰੋਂ ਬਾਹਰ ਨਿਕਲਣ ਅਤੇ ਗੱਡੀਆਂ ਹੌਲੀ ਚਲਾਉਣ। ਉਨ੍ਹਾਂ ਕਿਹਾ ਕਿ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 18 ਤੋਂ 19 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ ਜਦੋਂ ਕੇ ਘੱਟ ਤੋਂ ਘੱਟ ਤਾਪਮਾਨ ਫਿਲਹਾਲ 7 ਤੋਂ 8 ਡਿਗਰੀ ਦੇ ਵਿੱਚ ਹੈ ਪਰ ਕੋਈ ਵੀ ਪੱਛਮੀ ਚੱਕਰਵਾਤ ਦੀ ਸੰਭਾਵਨਾ ਨਾ ਹੋਣ ਕਰਕੇ ਧੁੰਦ ਦਾ ਜਿਆਦਾ ਅਸਰ ਵਿਖਾਈ ਦੇ ਰਿਹਾ ਹੈ। ਮੀਂਹ ਪੈਣ ਤੋਂ ਬਾਅਦ ਹੀ ਧੁੰਦ ਵਿੱਚ ਗਿਰਾਵਟ ਆਵੇਗੀ ਪਰ ਫਿਲਹਾਲ ਆਉਂਦੇ 3 ਤੋਂ 4 ਦਿਨ ਤੱਕ ਪੰਜਾਬ ਵਿੱਚ ਮੀਂਹ ਪੈਣ ਦੇ ਕੋਈ ਵੀ ਆਸਾਰ ਨਹੀਂ ਹਨ।