ਲੁਧਿਆਣਾ: ਸੂਬੇ ਭਰ ਵਿੱਚ ਧਾਰਮਿਕ ਅਸਥਾਨ, ਮਾਲ, ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ ਪਰ ਜਿੰਮ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਦੇ ਵਿਰੋਧ ਵਿੱਚ ਜਿੰਮ ਐਸੋਸੀਏਸ਼ਨਾਂ ਵੱਲੋਂ ਅੱਜ ਸਮਰਾਲਾ ਚੌਕ ਵਿਖੇ ਵੱਡਾ ਇਕੱਠ ਕਰਕੇ ਥਾਲੀਆਂ ਵਜਾਈਆਂ ਗਈਆਂ ਤਾਂ ਜੋ ਮੋਦੀ ਸਰਕਾਰ ਨੂੰ ਜਿੰਮ ਖੋਲ੍ਹਣ ਲਈ ਜਗਾਇਆ ਜਾ ਸਕੇ।
ਇਸ ਦੌਰਾਨ ਵੱਡੀ ਤਾਦਾਦ ਵਿੱਚ ਜਿੰਮ ਮਾਲਿਕ ਤੇ ਬੋਡੀ ਬਿਲਡਰ ਪਾਵਰ ਲਿਫਟਰ ਇਕੱਠੇ ਹੋਏ ਤੇ ਜਿੰਮ ਖੋਲ੍ਹਣ ਦੀ ਮੰਗ ਕੀਤੀ। ਇਸ ਦੌਰਾਨ ਉਹ ਖ਼ੁਦ ਹੀ ਸਮਾਜਿਕ ਦੂਰੀ ਬਣਾਉਣਾ ਭੁੱਲ ਗਏ। ਇੱਥੋਂ ਤੱਕ ਕਿ ਕਈਆਂ ਨੇ ਮਾਸਕ ਤੱਕ ਵੀ ਨਹੀਂ ਲਾਏ ਹੋਏ ਸਨ।
ਇਨ੍ਹਾਂ ਮੈਂਬਰਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਆਪਣੀ ਭੜਾਸ ਕੱਢੀ ਗਈ ਤੇ ਥਾਲੀਆਂ ਵਜਾ ਕੇ ਮੋਦੀ ਸਰਕਾਰ ਨੂੰ ਜਗਾਉਣ, ਜਿੰਮ ਵੱਲ ਧਿਆਨ ਦੇਣ ਲਈ ਅਤੇ ਉਨ੍ਹਾਂ ਦਾ ਕੰਮ ਧੰਦਾ ਸ਼ੁਰੂ ਕਰਵਾਉਣ ਲਈ ਅਪੀਲ ਕੀਤੀ ਗਈ।
ਇਸ ਦੌਰਾਨ ਜਿੰਮ ਐਸੋਸੀਏਸ਼ਨ ਦੇ ਮੈਂਬਰ ਰਮੇਸ਼ ਬੰਗੜ ਅਤੇ ਹੋਰ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਮੋਦੀ ਸਾਹਿਬ ਸ਼ਾਇਦ ਥਾਲੀਆਂ ਨਾਲ ਹੀ ਜਾਗਦੇ ਹਨ। ਇਸ ਕਰਕੇ ਉਹ ਅੱਜ ਥਾਲੀਆਂ ਲੈ ਕੇ ਆਪਣੇ ਜਿੰਮ ਖੁੱਲ੍ਹਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ 400 ਜਿੰਮ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਿਰਾਏ ਉੱਤੇ ਚੱਲ ਰਹੇ ਹਨ, ਉਨ੍ਹਾਂ ਦਾ ਕਿਰਾਇਆ ਕੱਢਣਾ ਵੀ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਕਿੱਤੇ ਨਾਲ ਜੁੜੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ।