ਲੁਧਿਆਣਾ: ਅੱਜ ਕੱਲ੍ਹ ਦੇ ਬੱਚਿਆਂ ਦੇ ਹੱਥ 'ਚ ਸਿਰਫ਼ ਤੇ ਸਿਰਫ਼ ਮੋਬਾਇਲ ਹੀ ਨਜ਼ਰ ਆਉਂਦਾ ਹੈ ਪਰ ਕੱੁਝੇ ਬੱਚੇ ਅਜਿਹੇ ਵੀ ਨੇ ਜਿੰਨ੍ਹਾਂ ਨੇ ਹੱਥ 'ਚ ਮੋਬਾਇਲ ਨਹੀਂ ਬਲਕਿ ਮੈਡਲ ਫੜੇ ਨੇ..ਇਹ ਨੰਨ੍ਹੇ ਬੱਚੇ ਅੱਜ ਪੂਰੀ ਦੁਨਿਆਂ 'ਚ ਆਪਣੇ ਸ਼ੌਂਕ ਨਾਲ ਮਸ਼ਹੂਰ ਹੋ ਗਏ ਹਨ। 5 ਸਾਲ ਦੇ ਪ੍ਰਭਰਾਜਬੀਰ ਸਿੰਘ ਅਤੇ 7 ਸਾਲ ਦੇ ਕੋਨਾਰਕ ਵੱਲੋਂ ਦੇਸ਼ ਨੂੰ ਮਾਣ ਮਹਿਸੂਸ ਕਰਵਾਉਂਦੇ ਹੋਏ ਕਰਾਟਿਆਂ ਦੇ ਮੁਕਾਬਲੇ 'ਚ ਚਾਂਦੀ ਅਤੇ ਕਾਂਸੇ ਦੇ ਮੈਡਲ ਜਿੱਤੇ ਨੇ। ਕਾਬਲੇਜ਼ਿਕਰ ਹੈ ਕਿ ਛੋਟੀ ਜਿਹੀ ਅਕੈਡਮੀ ਤੋਂ ਕਰਾਟੇ ਸਿੱਖ ਕੇ ਲੁਧਿਆਣਾ ਦੇ ਪ੍ਰਭਰਾਜਬੀਰ ਸਿੰਘ ਅਤੇ ਕੋਨਾਰਕ ਸ਼ਰਮਾ ਨੇ ਪੰਜਾਬ ਦਾ ਨਾਂ ਕੌਮਾਂਤਰੀ ਪੱਧਰ 'ਤੇ ਚਮਕਾਇਆ ਹੈ। ਦੋਵਾਂ ਨੇ ਚਾਰ ਤੋਂ ਪੰਜ ਸਾਲ ਦੀ ਕੈਟਾਗਰੀ ਅਤੇ ਸੱਤ ਤੋਂ ਅੱਠ ਸਾਲ ਦੀ ਕੈਟਾਗਰੀ ਦੇ ਵਿੱਚ ਲੜੀਵਾਰ ਚਾਂਦੀ ਦਾ ਮੈਡਲ ਅਤੇ ਕਾਂਸੀ ਦਾ ਮੈਡਲ ਕੇ ਐਲ ਮਯੂਰ ਇੰਟਰਨੈਸ਼ਨਲ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਹੈ।
ਦੋਵੇਂ ਬੱਚਿਆਂ ਦੀ ਖਾਸੀਅਤ: ਸਭ ਤੋਂ ਪਹਿਲਾਂ 5 ਸਾਲ ਦੇ ਪ੍ਰਭਰਾਜਬੀਰ ਸਿੰਘ ਦੀ ਗੱਲ ਕਰਦੇ ਹਾਂ ਜੋ ਹਾਲੇ ਆਪਣੀ ਗੱਲ ਵੀ ਚੰਗੀ ਤਰ੍ਹਾਂ ਕਿਸੇ ਅੱਗੇ ਨਹੀਂ ਰੱਖ ਸਕਦਾ ਉਸ ਨੇ ਨਿੱਕੀ ਉਮਰ 'ਚ ਕਰਾਟਿਆਂ 'ਚ ਪ੍ਰਸਿੱਧੀ ਹਾਸਿਲ ਕਰ ਲਈ ਹੈ।ਜਿੱਥੇ ਇਸ ਦੀ ਮਾਸੂਮੀਅਤ ਦਿਲ ਜਿੱਤ ਦੀ ਹੈ ਉੱਥੇ ਹੀ ਇਸ ਦੀ ਕਲਾ ਨੇ ਵੀ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਹੈ।ਉਧਰ ਦੂਜੇ ਪਾਸੇ ਕੋਨਾਰਕ ਸ਼ਰਮਾ ਦੀ ਉਮਰ ਮਹਿਜ਼ 7 ਸਾਲ ਦੀ ਹੈ ਪਰ ਕਰਾਟਿਆਂ 'ਚ ਹੁਣੇ ਤੋਂ ਉਹ ਬਲੈਕ ਬੈਲਟ ਹੈ।ਅੱਜ ਕੱਲ੍ਹ ਦੇ ਬੱਚੇ ਜਿੱਥੇ ਕਾਰਟੂਨ, ਮੋਬਾਇਲ ਗੇਮਜ਼ ਤੋਂ ਪ੍ਰਭਾਵਿਤ ਹੋ ਰਹੇ ਨੇ ਉੱਥੇ ਹੀ ਕੋਨਾਰਕ ਬਰੂਸਲੀ ਦੇ ਫੈਨ ਨੇ ਅਤੇ ਉਨ੍ਹਾਂ ਦੀਆਂ ਫਿਲਮਾਂ ਦੇਖ ਕੇ ਹੀ ਕਰਾਟੇ ਸਿੱਖਣੇ ਸ਼ੁਰੂ ਕੀਤੇ। ਪਿਛਲੇ ਦੋ ਸਾਲ ਤੋਂ ਉਹ ਅਸ਼ੋਕ ਅਕੈਡਮੀ ਦੇ ਵਿੱਚ ਕਰਾਟੇ ਸਿੱਖ ਰਹੇ ਨੇ, ਉਹਨਾਂ ਦੱਸਿਆ ਕਿ ਉਹ ਸਕੂਲ ਦੇ ਵਿੱਚ ਪਹਿਲੀ ਜਮਾਤ ਦਾ ਵਿਿਦਆਰਥੀ ਹੈ, ਉੱਥੇ ਹੀ ਦੂਜੇ ਪਾਸੇ ਪ੍ਰਭਰਾਜ ਸਤਪਾਲ ਮਿੱਤਲ ਸਕੂਲ ਦੇ ਵਿੱਚ ਐਲਕੇਜੀ ਦਾ ਵਿਿਦਆਰਥੀ ਹੈ। ਦੋਵੇਂ ਸਕੂਲ ਦੀ ਟੀਮ ਤੋਂ ਵੀ ਖੇਡਦੇ ਹਨ। ਉਨ੍ਹਾਂ ਦੀ ਇਸ ਉਪਲਬਧੀ ਤੋਂ ਉਨ੍ਹਾਂ ਦੇ ਮਾਪੇ ਅਤੇ ਸਕੂਲ ਪ੍ਰਸ਼ਾਸਨ ਵੀ ਕਾਫੀ ਖੁਸ਼ ਹੈ। ਦੋਵੇਂ ਬੱਚੇ ਹੁਣ ਵੱਡੇ ਪੱਧਰ ਦੇ ਮੁਕਾਬਲਿਆਂ ਦੇ ਲਈ ਟ੍ਰੇਨਿੰਗ ਲੈ ਰਹੇ ਹਨ।