ਲੁਧਿਆਣਾ: ਰਾਏਕੋਟ ਵਿਖੇ ਮਲੇਰਕੋਟਲਾ ਰੋਡ ਉੱਪਰ ਸਥਿਤ ਦਾਣਾ ਮੰਡੀ ਅੱਗੇ ਝੋਨੇ ਦੇ ਸੀਜ਼ਨ ਦੌਰਾਨ ਸੀਵਰੇਜ ਪਾਉਣ ਦਾ ਕੰਮ ਕਰਨ ਤੋਂ ਕਿਸਾਨ, ਦੁਕਾਨਦਾਰ ਤੇ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ।
ਸਗੋਂ ਸੀਵਰੇਜ ਪਾਉਣ ਦੇ ਕੰਮ ਕਾਰਨ ਰੋਡ ਉੱਪਰ ਲੱਗਦੇ ਟ੍ਰੈਫਿਕ ਜਾਮ ਕਾਰਨ ਕਿਸਾਨਾਂ ਨੂੰ ਦਾਣਾ ਮੰਡੀ ਵਿੱਚ ਆਪਣੀ ਫ਼ਸਲ ਲਿਆਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਰਾਹਗੀਰਾਂ ਅਤੇ ਦੁਕਾਨਦਾਰ ਵੀ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ, ਸਗੋਂ ਝੋਨੇ ਸੀਜ਼ਨ ਦੌਰਾਨ ਦਾਣਾ ਮੰਡੀ ਨੂੰ ਜਾਂਦੇ ਰੋਡ ਉਪਰ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਵਾਲੇ ਅਧਿਕਾਰੀਆਂ, ਸਿਆਸੀ ਆਗੂਆਂ ਤੇ ਠੇਕੇਦਾਰ ਨੂੰ ਲੋਕ ਕੋਸ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਰਾਏਕੋਟ ਮਾਲੇਰਕੋਟਲਾ ਸੜਕ ਦੇ ਦੋਵੇਂ ਪਾਸੇ ਕਰੀਬ ਛੇ ਮਹੀਨੇ ਪਹਿਲਾਂ ਹੀ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਪੁੱਟ ਕੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜੋ ਸਰਕਾਰੀ ਪੈਸੇ ਦੀ ਰੱਜ ਕੇ ਬਰਬਾਦੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਰੋਡ 'ਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਉਣਾ ਸੀ, ਤਾਂ ਕੁੱਝ ਮਹੀਨੇ ਪਹਿਲਾਂ ਇੱਥੇ ਇੰਟਰਲਾਕ ਟਾਇਲਾਂ ਲਗਾਉਣ ਦੀ ਕੀ ਜ਼ਰੂਰਤ ਸੀ, ਸਗੋਂ ਕਾਮਰੇਡ ਗੋਰਾ ਨੇ ਇਸ ਕੰਮ ਵਿੱਚ ਕਿਸੇ ਵੱਡਾ ਘਪਲਾ ਹੋਣ ਦੀ ਸ਼ੰਕਾ ਜ਼ਾਹਰ ਕੀਤੀ, ਬਲਕਿ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਸੀਟੂ ਆਗੂ ਨੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੱਤਾਧਾਰੀ ਆਗੂਆਂ ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਟੈਕਸ ਦੇ ਪੈਸਾ ਨੂੰ ਬੇਤਰਤੀਬੇ ਕੰਮਾਂ ਰਾਹੀਂ ਬਰਬਾਦ ਕੀਤਾ ਜਾ ਰਿਹਾ ਹੈ।