ਚੰਡੀਗੜ੍ਹ:ਲੁਧਿਆਣਾ ਪੀਏਯੂ ਦੇ ਡਾ ਮਨਮੋਹਨ ਸਿੰਘ ਆਡੀਟੋਰੀਅਮ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੀ ਗਈ ਖੁੱਲ੍ਹੀ ਬਹਿਸ ਨੂੰ ਲੈਕੇ ਤਿਆਰੀਆਂ ਜ਼ੋਰਾਂ 'ਤੇ ਹਨ। ਉਧਰ ਕਈ ਥਾਵਾਂ 'ਤੇ ਪੰਜਾਬ ਪੁਲਿਸ ਵਲੋਂ ਕਈ ਥਾਵਾਂ 'ਤੇ ਐਕਸ਼ਨ ਵੀ ਕੀਤਾ ਗਿਆ ਹੈ। ਜਿਸ 'ਚ ਮੀਡੀਆ ਸੂਤਰਾਂ ਅਨੁਸਾਰ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵਲੋਂ ਘਰ 'ਚ ਹੀ ਨਜ਼ਰਬੰਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਸਰਕਾਰ 'ਤੇ ਤੰਜ਼ ਕੱਸਿਆ ਗਿਆ ਹੈ। ਇਸ ਦੇ ਨਾਲ ਹੀ ਸੁਨੀਲ ਜਾਖੜ ਵਲੋਂ ਡਿਬੇਟ ਵਾਲੀ ਥਾਂ 'ਤੇ ਭਾਰੀ ਪੁਲਿਸ ਬਲ ਦੀ ਤੈਨਾਤੀ ਨੂੰ ਲੈਕੇ ਵੀ ਕਈ ਸਵਾਲ ਖੜੇ ਕੀਤੇ ਗਏ ਹਨ। (Jakhar Targeted CM Mann on Deabte Issue)
'ਲੋਕਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ': ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਸੁਨੀਲ ਜਾਖੜ ਨੇ ਲਿਖਿਆ ਕਿ ਆਗੂਆਂ ਨੂੰ ਬਹਿਸ ਦਾ ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ 'ਤੇ ਲੱਗੀ ਹੈ,ਤਾਂ ਜੋ ਕੋਈ ਲੁਧਿਆਣੇ ਆ ਕੇ ਝੂਠ ਦੀ ਬੁਨਿਆਦ 'ਤੇ ਟਿਕੀ ਅਤੇ ਇਸ਼ਤਿਹਾਰਬਾਜੀ ਦੇ ਪਰਦੇ ਪਿੱਛੇ ਲੁਕੀ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਨਾ ਕਰ ਦੇਵੇ। ਇਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਕੀ ਭਗਵੰਤ ਮਾਨ ਜੀ ਸੱਚ ਦਾ ਸਾਹਮਣਾ ਕਰਨ ਤੋਂ ਘਬਰਾ ਰਹੇ ਹਨ?
'ਪੰਜਾਬ ਨੂੰ ਤਾਲਿਬਾਨੀ ਦਹਿਸ਼ਤ ਵੱਲ ਧੱਕ ਰਹੇ':ਇਸ ਦੇ ਨਾਲ ਹੀ ਪੰਜਾਬ ਪੁਲਿਸ ਵਲੋਂ ਇਸ ਡਿਬੇਟ ਮੌਕੇ ਤੈਨਾਤ ਦੋ ਹਜ਼ਾਰ ਮੁਲਾਜ਼ਮਾਂ ਨੂੰ ਲੈਕੇ ਵੀ ਸੁਨੀਲ ਜਾਖੜ ਨੇ ਸਰਕਾਰ 'ਤੇ ਸਵਾਲ ਖੜਾ ਕੀਤਾ ਹੈ। ਜਿਸ 'ਚ ਸੁਨੀਲ ਜਾਖੜ ਨੇ ਐਕਸ 'ਤੇ ਲਿਖਦਿਆਂ ਕਿ "ਮੈਂ ਪੰਜਾਬ ਬੋਲਦਾ ਹਾਂ" ਦੀਆਂ ਤਿਆਰੀਆਂ,,,ਭਗਵੰਤ ਮਾਨ ਜੀ, ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ 'ਤੇ 2 ਪੁਲਿਸ ਮੁਲਾਜ਼ਮ (1 ਹਜ਼ਾਰ ਦਰਸ਼ਕ,2 ਹਜ਼ਾਰ ਪੁਲਿਸ ਮੁਲਾਜ਼ਮ) ਲਾ ਕੇ ਕਿਉਂ ਪੰਜਾਬ ਨੂੰ 'ਤਾਲਿਬਾਨੀ ਦਹਿਸ਼ਤ' ਵੱਲ ਧੱਕ ਰਹੇ ਹੋ? ਕੀ ਇਸ ਤਰ੍ਹਾਂ ਪੈ ਜਾਵੇਗਾ ਤੁਹਾਡੇ ਝੂਠਾਂ 'ਤੇ ਪਰਦਾ ?
ਡਿਬੇਟ ਦੇ ਮੁੱਦਿਆਂ 'ਤੇ ਵੀ ਚੁੱਕੇ ਸਵਾਲ: ਇਸ ਦੇ ਨਾਲ ਹੀ ਸੁਨੀਲ ਜਾਖੜ ਵਲੋਂ ਆਮ ਆਦਮੀ ਪਾਰਟੀ ਦੇ ਪੇਜ ਦੀ ਇੱਕ ਫੋਟੋ ਸੋਸ਼ਲ ਮੀਡੀਆ ਐਕਸ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਆਮ ਆਦਮੀ ਵਲੋਂ ਭਲਕੇ ਹੋਣ ਵਾਲੀ ਡਿਬੇਟ ਸਬੰਧੀ ਏਜੰਡੇ ਲਿਖੇ ਗਏ ਹਨ। ਉਸ ਨੂੰ ਲੈਕੇ ਵੀ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਮੰਗਦਾ ਜਵਾਬ। SYL ਮੁੱਦੇ 'ਤੇ ਚਰਚਾ ਕਰਨ ਲਈ ਵੀ ਤਿਆਰ ਨਹੀਂ? ਮਾਨ ਸਾਹਿਬ ਤੁਸੀਂ ਗੰਭੀਰ ਹੋ? ਕਿਉਂਕਿ ਜੇ ਤੁਸੀਂ ਮਜ਼ਾਕ ਕਰ ਰਹੇ ਹੋ, ਤਾਂ ਮਜ਼ਾਕ ਤੁਹਾਡੇ 'ਤੇ ਹੈ। ਤੁਸੀਂ ਸੱਚਮੁੱਚ ਇਹ ਉਮੀਦ ਨਹੀਂ ਕਰਦੇ ਕਿ ਮੈਂ ਤੁਹਾਡੇ ਨਾਲ ਸ਼ਾਮਲ ਹੋਵਾਂਗਾ ਅਤੇ ਪੰਜਾਬ ਦੇ ਪਾਣੀਆਂ ਦੇ ਅਹਿਮ ਮੁੱਦੇ ਨੂੰ ਘੱਟ ਕਰਨ ਵਾਲੇ ਇਸ ਮਜ਼ਾਕ ਨੂੰ ਭਰੋਸੇਯੋਗਤਾ ਪ੍ਰਦਾਨ ਕਰਾਂਗਾ? ਇਸ 'ਤੇ ਬਹਿਸ ਕਰਨ ਤੋਂ ਭੱਜਦੇ ਹੋਏ ਤੁਸੀਂ ਸੁਪਰੀਮ ਕੋਰਟ ਵਿਚ ਪੰਜਾਬ ਦੇ ਹਿੱਤਾਂ ਨੂੰ ਤੋੜਨ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਪੰਜਾਬ ਨੂੰ ਮਿਲ ਗਿਆ ਜਵਾਬ।