ਲੁਧਿਆਣਾ: ਵਿਸ਼ਵ ਭਰ 'ਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਕਰੋਨਾ ਮਹਾਂਮਾਰੀ ਨੂੰ ਮਾਤ ਪਾਉਣ ਲਈ ਯੋਗਾ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ ਹੈ।
ਇਸ ਵਾਰ ਯੋਗ ਦੀ ਥੀਮ ਵੀ ਘਰੇ ਰਹਿ ਕੇ ਯੋਗਾ ਕਰਨ ਦੀ ਰੱਖੀ ਗਈ ਹੈ। ਲੁਧਿਆਣਾ ਦੇ ਐਵਰੈਸਟ ਯੋਗ ਇੰਸਟੀਚਿਊਟ ਦੇ ਵਿੱਚ ਸਵੇਰ ਤੋਂ ਹੀ ਯੋਗਾ ਦੀਆਂ ਆਨਲਾਈਨ ਕਲਾਸਾਂ ਲਵਾਈਆਂ ਜਾ ਰਹੀਆਂ ਹਨ। ਜਿਸ 'ਚ ਵਿਦਿਆਰਥੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਯੋਗਾ ਦੇ ਆਸਣਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬੀਤੇ ਦਿਨੀਂ ਇਸ ਸੰਸਥਾ ਵੱਲੋਂ ਯੋਗਾ ਨੂੰ ਲੈ ਕੇ ਲਗਾਤਾਰ ਸੈਸ਼ਨ ਕਰਵਾਉਣ ਦਾ ਵਿਸ਼ਵ ਕਿਰਤੀਮਾਨ ਵੀ ਸਥਾਪਿਤ ਕੀਤਾ ਗਿਆ ਸੀ।
ਸਾਡੀ ਟੀਮ ਵੱਲੋਂ ਜਦੋਂ ਇਸ ਇੰਸਟੀਚਿਊਟ ਦਾ ਜਾਇਜ਼ਾ ਲਿਆ ਗਿਆ ਤਾਂ ਵਿਦਿਆਰਥੀਆਂ ਵੱਲੋਂ ਆਨਲਾਈਨ ਯੋਗ ਦੀਆਂ ਕਲਾਸਾਂ ਲਵਾਈਆਂ ਜਾ ਰਹੀਆਂ ਸਨ। ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਇੱਥੇ ਯੋਗ ਸਿੱਖ ਰਹੇ ਹਨ। ਅੱਜ ਸੂਰਜ ਗ੍ਰਹਿਣ ਹੋਣ ਕਰਕੇ ਲੋਕ ਘਰੋਂ ਬਾਹਰ ਤਾਂ ਨਹੀਂ ਨਿਕਲ ਸਕਦੇ। ਇਸ ਕਰਕੇ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਘਰੇ ਯੋਗ ਸਿਖਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਕੋਰੋਨਾ ਨੂੰ ਮਾਤ ਪਾਉਣ ਲਈ ਕਈ ਆਸਣ ਅਜਿਹੇ ਹਨ। ਜਿਸ ਨਾਲ ਅਸੀਂ ਆਪਣੀ ਈਮਿਊਨਿਟੀ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਸੂਰਜ ਨਮਸਕਾਰ ਅੱਜ ਕੀਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਯੋਗਾ ਕਰਨ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਯੋਗ ਕਰਨ ਨਾਲ ਤੁਸੀਂ ਮਾਨਸਿਕ ਤਣਾਅ ਤੋਂ ਵੀ ਦੂਰ ਰਹਿ ਸਕਦੇ ਹੋ।