ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਕਾਰਨ ਵਿਸ਼ਵ ਗੰਭੀਰ ਸੰਕਟ ਵਿੱਚ ਹੈ। ਕੋਰੋਨਾ ਤੋਂ ਬਚਾਅ ਦੇ ਲਈ ਸਰਕਾਰ ਨੇ ਨਾਗਰਿਕਾਂ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਵਿੱਚ ਅਹਿਮ ਹੈ ਮੂੰਹ 'ਤੇ ਮਾਸਕ ਪਾਉਣਾ। ਇਸ ਕਾਰਨ ਬਜ਼ਾਰ ਵਿੱਚ ਮਾਸਕ ਦੀ ਮੰਗ ਵੀ ਲਗਾਤਾਰ ਵਧੀ ਹੈ। ਬਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਮਾਸਕ ਆ ਚੁੱਕੇ ਹਨ। ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਾਲਜ ਆਫ਼ ਕਮਿਊਨਿਟੀ ਸਾਇੰਸ ਵੀ ਵਿਸ਼ੇਸ਼ ਮਾਕਸਾਂ ਦਾ ਨਿਰਮਾਣ ਕਰ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਤਿਆਰ ਮਾਸਕ ਬਣੇ ਲੋਕਾਂ ਦੀ ਪਹਿਲੀ ਪੰਸਦ ਕਾਲਜ ਆਫ ਕਮਿਊਨਿਟੀ ਸਾਇੰਸ ਵਿਖੇ ਇਨ੍ਹੀਂ ਦਿਨੀਂ ਵਿਸ਼ੇਸ਼ ਕੋਟਨ ਦੇ ਮਾਸਕ ਤਿਆਰ ਕੀਤੇ ਜਾ ਰਹੇ ਹਨ। ਬਜ਼ਾਰ ਦੇ ਵਿਚ ਲਗਾਤਾਰ ਇਨ੍ਹਾਂ ਮਾਸਕਾਂ ਦੀ ਮੰਗ ਵੀ ਵਧ ਰਹੀ ਹੈ, ਕਿਉਂਕਿ ਇਹ ਮਾਸਕ ਨਾ ਸਿਰਫ ਇਕੋ-ਫਰੈਂਡਲੀ ਹਨ ਸਗੋਂ ਕੋਟਨ ਦੇ ਹੋਣ ਕਰਕੇ ਹਲਕੇ ਅਤੇ ਧੋ ਕੇ ਮੁੜ ਵਰਤੋਂ 'ਚ ਲਿਆਉਣ ਯੋਗ ਵੀ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੁਣ ਤਕ 5 ਹਜ਼ਾਰ ਤੋਂ ਵੱਧ ਮਾਸਕ ਬਣਾ ਕੇ ਵੇਚੇ ਜਾ ਚੁੱਕੇ ਹਨ ਤੇ ਹੁਣ ਮੈਡੀਕਲ ਸਟੋਰਾਂ 'ਤੇ ਵੀ ਇਨ੍ਹਾਂ ਮਾਸਕਾਂ ਦੀ ਡਿਮਾਂਡ ਵਧਣ ਲੱਗੀ ਹੈ।
ਕਾਲਜ ਆਫ ਕਮਿਊਨਿਟੀ ਸਾਇੰਸ ਦੇ ਡਾਕਟਰ ਸੰਦੀਪ ਬੈਂਸ ਨੇ ਦੱਸਿਆ ਕਿ ਕਾਲਜ 'ਚ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ਦੇ ਨਾਲ ਇਕੋ ਫਰੈਂਡਲੀ ਮਾਸਕ, ਗਲਫ਼ਸ ਅਤੇ ਸ਼ੀਲਡ ਆਦ ਬਣਾਈਆਂ ਜਾ ਰਹੀਆਂ ਹਨ।
ਵਿਭਾਗ ਵੱਲੋਂ ਪੰਜ ਹਜ਼ਾਰ ਤੋਂ ਵੱਧ ਵੱਖ-ਵੱਖ ਡਿਜ਼ਾਈਨ ਦੇ ਮਾਸਕ ਹੁਣ ਤਕ ਤਿਆਰ ਕਰ ਕੇ ਵੇਚੇ ਜਾ ਚੁੱਕੇ ਹਨ। ਲੋਕਾਂ ਦੀ ਇਹ ਮਸਕ ਪਹਿਲੀ ਪਸੰਦ ਇਸ ਕਰਕੇ ਬਣ ਰਹੇ ਹਨ ਕਿਉਂਕਿ ਇਹ ਇਕੋ-ਫਰੈਂਡਲੀ ਹਨ, ਧੋ ਕੇ ਮੁੜ ਵਰਤਣ ਯੋਗ ਹਨ ਅਤੇ ਸੂਤੀ ਕੱਪੜੇ ਦੇ ਹੋਣ ਕਰਕੇ ਬੇਹੱਦ ਹਲਕੇ ਹਨ। ਇੱਥੋਂ ਤੱਕ ਕਿ ਤਿੰਨ ਤੈਹਾ ਹੋਣ ਕਰਕੇ ਇਹ ਸੁਰੱਖਿਅਤ ਵੀ ਹਨ। ਉਨ੍ਹਾਂ ਨੇ ਅਗਾਂਹ ਦੱਸਿਆ ਕਿ ਉਨ੍ਹਾਂ ਵੱਲੋਂ ਆਨਲਾਈਨ ਸੈਸ਼ਨ ਲਗਾ ਕੇ ਮਹਿਲਾਵਾਂ ਨੂੰ ਇਹ ਮਾਸਕ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਤਮ-ਨਿਰਭਰ ਬਣ ਸਕਣ।
ਉਧਰ ਦੂਜੇ ਪਾਸੇ ਡਿਪਾਰਟਮੈਂਟ ਆਫ ਅਪ੍ਰਲ ਅਤੇ ਟੈਕਸਟਾਈਲ ਸਾਇੰਸ ਦੀ ਵਿਗਿਆਨੀ ਰਾਜਦੀਪ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਡਿਜ਼ਾਇਨ ਦੇ ਮਾਸਕ ਬਣਾਏ ਜਾ ਰਹੇ ਹਨ। ਇਨ੍ਹਾਂ ਵਿੱਚ ਬੱਚਿਆਂ ਦੇ ਮਾਸਕ ਵੀ ਸ਼ਾਮਲ ਹਨ। ਇਸੇ ਤਰ੍ਹਾਂ ਹੀ ਖ਼ਾਸ ਕਰਕੇ ਪੱਗ ਬੰਨਣ ਵਾਲੇ ਵਿਅਕਤੀਆਂ ਲਈ ਖ਼ਾਸ ਕਿਸਮ ਦੇ ਮਾਸਕ ਤਿਆਰ ਕੀਤੇ ਜਾ ਰਹੇ ਹਨ।