ਲੁਧਿਆਣਾ:ਹੁਣ ਬਿਨ੍ਹਾਂ ਰਿਫਲੈਕਟਰ ਤੋਂ ਸੜਕਾਂ ਉਤੇ ਸਾਇਕਲ ਨਹੀਂ ਦੌੜਨਗੇ। ਇਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੇ ਮਹਿਕਮੇ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨੈਸ਼ਨਲ ਟ੍ਰੇਡ ਨੇ ਇਹ ਹੁਕਮ ਜਾਰੀ ਕਰ ਦਿੱਤੇ ਹਨ ਕਿ 1 ਜਨਵਰੀ 2022 ਤੋਂ ਇੱਕ ਸਾਇਕਲ ਉਤੇ 10 ਤੋਂ 12 ਰਿਫ਼ਲੈਕਟਰ ਲਗਾਉਣੇ ਲਾਜ਼ਮੀ ਹਨ। ਜੇਕਰ ਸਾਈਕਲ ਬਣਾਉਣ ਵਾਲੀ ਕੋਈ ਵੀ ਕੰਪਨੀ ਬਿਨ੍ਹਾਂ ਰਿਫਲੈਕਟਰ ਵਾਲਾ ਸਾਈਕਲ ਬਣਾਵੇਗੀ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ।
ਸਾਇਕਲ ਕਾਰੋਬਾਰੀਆਂ ਨੇ ਕੀਤਾ ਵਿਰੋਧ:ਜਿਸ ਨੂੰ ਲੈ ਕੇ ਲੁਧਿਆਣਾ ਦੇ ਸਾਈਕਲ ਕਾਰੋਬਾਰੀਆਂ ਅਤੇ ਸਾਈਕਲ ਦੇ ਪਾਰਟਸ ਬਣਾਉਣ ਵਾਲੇ ਕਾਰੋਬਾਰੀਆਂ ਨੇ ਇਸ ਦਾ ਵਿਰੋਧ ਕੀਤਾ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਈਕਲ ਨਿਰਮਾਤਾ ਹੈ ਅਤੇ ਭਾਰਤ ਵਿੱਚੋਂ ਕੁੱਲ 92 ਫੀਸਦੀ ਸਾਈਕਲ ਲੁਧਿਆਣਾ ਦੇ ਸਾਈਕਲ ਇੰਡਸਟਰੀ ਵੱਲੋਂ ਤਿਆਰ ਕੀਤੇ ਜਾਂਦੇ ਹਨ ਜਾਂ ਫਿਰ ਇਨ੍ਹਾਂ ਦੀ ਪਾਰਟਸ ਲੁਧਿਆਣਾ ਤੋਂ ਹੀ ਬਣਾਏ ਜਾਂਦੇ ਹਨ। 1 ਜਨਵਰੀ ਤੋਂ ਲੈ ਕੇ ਹੁਣ ਤੱਕ ਲੁਧਿਆਣਾ ਦੀ ਕਿਸੇ ਵੀ ਫੈਕਟਰੀ ਦੇ ਵਿਚ ਸਾਈਕਲ ਨਹੀਂ ਬਣਾਏ ਜਾ ਰਹੇ। ਇਹ ਦਾਅਵਾ ਏਸ਼ੀਆ ਦੀ ਸਭ ਤੋਂ ਵੱਡੀ ਯੁਨਾਇਟਡ ਸਾਈਕਲ ਪਾਰਟਸ ਐਸੋਸੀਏਸ਼ਨ ਨੇ ਕੀਤਾ ਗਿਆ ਹੈ।
ਸਾਈਕਲ ਕਾਰੋਬਾਰੀਆਂ ਦਾ ਤਰਕ :ਲੁਧਿਆਣਾ ਦੇ ਵਿਚ 10 ਲੱਖ ਦੇ ਕਰੀਬ ਲੋਕ ਸਿੱਧੇ ਜਾਂ ਅਸਿੱਧੇ ਤੌਰ ਉਤੇ ਸਾਈਕਲ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਲੁਧਿਆਣਾ ਦੇ ਵਿੱਚ ਸਾਲਾਨਾ ਡੇਢ ਕਰੋੜ ਦੇ ਕਰੀਬ ਸਾਈਕਲ ਬਣਾਏ ਜਾਂਦੇ ਹਨ ਅਤੇ ਸਾਈਕਲ ਦੇ ਵਿੱਚ ਵਰਤੇ ਜਾਣ ਵਾਲੇ 92 ਫੀਸਦੀ ਪਾਰਟ ਲੁਧਿਆਣਾ ਤੋਂ ਹੀ ਪੂਰੇ ਦੇਸ਼ ਦੇ ਵਿੱਚ ਸਪਲਾਈ ਕੀਤੇ ਜਾਂਦੇ ਹਨ। ਲੁਧਿਆਣਾ ਦੇ ਸਾਈਕਲ ਕਾਰੋਬਾਰੀਆਂ ਨੇ ਕਿਹਾ ਹੈ ਕਿ ਰਿਫਲੈਕਟਰ ਸਾਈਕਲ ਤੇ ਨਾ ਲੱਗੇ ਹੋਣ ਤੇ ਸਾਈਕਲ ਕੰਪਨੀ ਕਿਵੇਂ ਜਿੰਮੇਵਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰਿਫਲੈਕਟਰ ਬਣਾ ਕੇ ਸਾਈਕਲ ਦੇ ਨਾਲ ਦਿੰਦੇ ਹਾਂ ਪਰ ਜੇਕਰ ਅੱਗੇ ਸਾਈਕਲ ਚਲਾਉਣ ਵਾਲਾ ਰਿਫਲੈਕਟਰ ਨਹੀਂ ਲਗਾਉਂਦਾ ਜਾਂ ਫਿਰ ਡੀਲਰ ਅੱਗੇ ਉਸ ਨੂੰ ਰਿਫਲੈਕਟਰ ਲਾ ਕੇ ਨਹੀਂ ਦਿੰਦਾ ਤਾਂ ਇਸ ਵਿੱਚ ਸਾਈਕਲ ਬਣਾਉਣ ਵਾਲੇ ਦਾ ਕੀ ਕਸੂਰ ਹੈ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦਾ ਤੁਗਲਕੀ ਫਰਮਾਨ ਹੈ। ਉਨ੍ਹਾਂ ਕਿਹਾ ਕਿ ਸਾਈਕਲ ਕਾਰੋਬਾਰੀ ਇਸ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਯੂਨਾਇਟਿਡ ਸਾਇਕਲ ਪਾਰਟਸ ਮੇਨੂੰਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਵੱਲੋਂ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਮਹਿੰਗਾ ਲਾਇਸੈਂਸ: ਲੁਧਿਆਣਾ ਦੇ ਸਾਈਕਲ ਕਾਰੋਬਾਰੀਆਂ ਨੇ ਕਿਹਾ ਹੈ ਕਿ 1 ਜਨਵਰੀ ਤੋਂ ਬਾਅਦ ਲੁਧਿਆਣਾ ਦੀ ਛੋਟੀ ਇੰਡਸਟਰੀ ਵੱਲੋਂ 1 ਵੀ ਸਾਈਕਲ ਦਾ ਬਿੱਲ ਨਹੀਂ ਕੱਟਿਆ ਗਿਆ ਹੈ। ਡੀਐਸ ਚਾਵਲਾ ਨੇ ਕਿਹਾ ਹੈ ਕਿ ਸਾਨੂੰ ਬੀਆਈਐਸ ਸਟੈਂਡਰਡ ਦੇ ਰਿਫਲੈਕਟਰ ਲਾਉਣ ਲਈ ਕਿਹਾ ਗਿਆ ਹੈ ਅਤੇ ਜੇਕਰ ਦਸ ਤੋਂ ਘੱਟ ਰੀਫਲੇਕਟਰ ਹੋਣਗੇ ਤਾਂ ਬਿੱਲ ਨਹੀਂ ਕਟੇਗਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਸਿਰਫ ਰਿਫਲੈਕਟਰ ਲਗਾਉਣ ਦੇ ਲਾਇਸੰਸ ਲੈਣ ਦੀ ਫੀਸ ਇੱਕ ਲੱਖ ਰੁਪਏ ਰੱਖੀ ਗਈ ਹੈ ਛੋਟਾ ਕਾਰੋਬਾਰੀ ਜਿਹੜਾ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਉਹ ਇੱਕ ਲੱਖ ਰੁਪਏ ਦੀ ਫੀਸ ਕਿਵੇਂ ਭਰੇਗਾ।