ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਆਪਣੇ ਵਿਸ਼ੇਸ਼ ਉਪਰਾਲੇ ਨਾਲ ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਇਆ ਹੈ। ਪੰਜਾਬ ਅਤੇ ਹਰਿਆਣਾ ਤੋਂ ਗਣਿਤ ਦੀ ਉਹ ਇਕਲੌਤੀ ਅਜਿਹੀ ਸਰਕਾਰੀ ਅਧਿਆਪਕ ਹੈ ਜਿਸ ਨੂੰ ਇਸ ਸਨਮਾਨ ਦੇ ਨਾਲ ਨਵਾਜ਼ਿਆ ਜਾ ਰਿਹਾ ਹੈ। ਆਪਣੇ 11 ਸਾਲ ਦੇ ਬਤੌਰ ਅਧਿਆਪਕਾ ਤਜ਼ਰਬੇ ਦੇ ਨਾਲ ਉਹਨਾਂ ਨੇ ਗਣਿਤ ਦੇ ਅਜਿਹੇ ਫਾਰਮੂਲੇ ਅਤੇ ਮਾਡਲ ਬਣਾਏ ਹਨ ਜਿਸ ਨਾਲ ਗਣਿਤ ਸਿੱਖਣਾ ਹੁਣ ਵਿਦਿਆਰਥੀਆਂ ਲਈ ਸੁਖਾਲਾ ਹੋ ਗਿਆ ਹੈ।
ਕਿਵੇਂ ਕੀਤੀ ਸ਼ੁਰੂਆਤ ? : ਗਣਿਤ ਅਧਿਆਪਕਾ ਰੂਮਾਨੀ ਅਹੂਜਾ ਪਹਿਲਾਂ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਰਹੀ ਹੈ, ਹੁਣ ਉਹ ਸਰਕਾਰੀ ਪੀਏਯੂ ਸਕੂਲ ਦੇ ਵਿੱਚ 6ਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਸਿਖਾਉਂਦੀ ਹੈ। ਉਨ੍ਹਾਂ ਵੱਲੋਂ ਬੱਚਿਆਂ ਨੂੰ ਵਿਜ਼ੁਲਾਇਜ਼ ਕਰਵਾ ਕੇ ਗਣਿਤ ਸਿਖਾਇਆ ਜਾਂਦਾ ਹੈ ਜਿਸ ਨੂੰ ਵਿਦਿਆਰਥੀ ਬਹੁਤ ਸੋਖੇ ਢੰਗ ਦੇ ਨਾਲ ਸਿੱਖ ਲੈਂਦੇ ਹਨ। ਉਹਨਾਂ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮਾਡਲ ਵੀ ਕੀਤੇ ਗਏ ਹਨ ਜੋ ਕਿ 3 ਡੀ ਹਨ, ਜਿਸ ਵਿਚ ਵਿਦਿਆਰਥੀਆਂ ਨੂੰ ਮੈਥ ਦੇ ਫਾਰਮੁਲੇ ਬੜੇ ਹੀ ਸੋਖੇ ਢੰਗ ਦੇ ਨਾਲ ਯਾਦ ਕਰਵਾਏ ਜਾਂਦੇ ਹਨ ਉਨ੍ਹਾਂ ਦੀ ਉਮਰ ਭਰ ਕੰਮ ਆਉਂਦੇ ਹਨ।
ਕਿਵੇਂ ਮਿਲਿਆ ਸਨਮਾਨ ?: ਦਰਅਸਲ ਰੂਮਾਨੀ ਅਹੂਜਾ ਨੂੰ ਪਿਛਲੇ ਸਾਲ ਪੰਜਾਬ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਪ੍ਰਾਜੈਕਟ ਤਿਆਰ ਕੀਤੇ ਗਏ ਅਤੇ ਮਾਲਤੀ ਗਿਆਨਪੀਠ ਅਵਾਰਡ ਦੇ ਲਈ ਨੌਮੀਨੇਟ ਕੀਤਾ ਗਿਆ। ਜਿਸ ਸਬੰਧੀ ਚੰਡੀਗੜ੍ਹ ਦੇ ਵਿੱਚ ਬਕਾਇਦਾ ਦੋ ਵਾਰ ਟੈਸਟ ਕੀਤੇ ਗਏ, ਆਈਏਐੱਸ ਅਤੇ ਉੱਘੇ ਵਿਦਵਾਨਾਂ ਵੱਲੋਂ ਇੰਟਰਵਿਊ ਲੈਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਤੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਜਿਹੇ ਅਧਿਆਪਕਾਂ ਦੀ ਚੋਣ ਕੀਤੀ ਗਈ ਜੋ ਇਸ ਸਨਮਾਨ ਲਈ ਹੱਕਦਾਰ ਹਨ ਜਿਨ੍ਹਾਂ ਵਿੱਚੋ ਗਣਿਤ ਦੇ ਲਈ ਰੁਮਾਨੀ ਅਹੂਜਾ ਦੇ ਨਾਂ ਦੀ ਚੋਣ ਹੋਈ ਹੈ। ਇਹ ਅਵਾਰਡ ਆਪਣੇ-ਆਪ ਦੇ ਵਿੱਚ ਇਕ ਵਿਲੱਖਣ ਐਵਾਰਡ ਹੈ। ਗਣਿਤ ਦੇ ਖੇਤਰ ਦੇ ਵਿੱਚ ਹਾਸਲ ਕੀਤੀਆਂ ਉਪਲਬਧੀਆਂ ਲਈ ਨਵੀਂ ਦਿੱਲੀ ਵਿਖੇ 29 ਮਈ ਨੂੰ ਰੂਮਾਨੀ ਅਹੂਜਾ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਜਿਸ ਵਿੱਚ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। 13 ਮਈ ਨੂੰ ਚੰਡੀਗੜ੍ਹ ਵਿਖੇ ਅਧਿਆਪਕਾਂ ਦੀ ਫਾਈਨਲ ਚੋਣ ਹੋਈ ਹੈ।