ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਕਸਬਾ ਖੰਨਾ ਵਿੱਚ ਪੁਲਸ ਦੇ ਹੱਥ ਇੱਕ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਵੱਲੋਂ ਹੁਣ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹ ਹੈ ਕਿ ਉਹ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ ਅਤੇ ਇਸ ਮੁਲਜ਼ਮ ਨੂੰ ਅਜਨਾਲਾ ਕਾਂਡ ਵਿੱਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤਾ ਗਿਆ ਗੋਰਖਾ ਬਾਬਾ ਅੰਮ੍ਰਿਤਪਾਲ ਦੇ ਨਾਲ ਗੰਨਮੈਨ ਬਣਕੇ ਰਹਿੰਦਾ ਸੀ।
ਪਹਿਲਾਂ ਵੀ ਮੁਲਜ਼ਮ ਉੱਤੇ ਮੁਕੱਦਮੇ ਦਰਜ:ਡੀਐੱਸਪੀ ਪਾਇਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਕਾਫੀ ਸਮੇਂ ਤੋਂ ਅੰਮ੍ਰਿਤਪਾਲ ਦੇ ਨਾਲ ਉਸਦਾ ਗਨਮੈਨ ਬਣਕੇ ਰਹਿੰਦਾ ਸੀ ਅਤੇ ਅਜਨਾਲਾ ਕਾਂਡ ਵਿੱਚ ਵੀ ਇਹ ਮੁਲਜ਼ਮ ਨਾਲ ਸੀ। ਉਨ੍ਹਾਂ ਕਿਹਾ ਕਿ ਤੇਜਿੰਦਰ ਸੋਸ਼ਲ ਮੀਡੀਆ ਉੱਪਰ ਵੀ ਸਰਗਰਮ ਸੀ ਉਸਦੀਆਂ ਹਥਿਆਰਾਂ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ਉਪਰ ਸਾਮਣੇ ਆਈਆਂ ਹਨ। ਜਿਸ ਤੋਂ ਬਾਅਦ ਮਲੌਦ ਥਾਣਾ ਵਿੱਚ ਤੇਜਿੰਦਰ ਦੇ ਖਿਲਾਫ ਵੱਖ ਤੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਉਸ ਦੇ ਖਿਲਾਫ 107/151 ਅਧੀਨ ਵੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਪੁਲਿਸ ਵੱਲੋਂ ਤੇਜਿੰਦਰ ਦਾ ਸਾਥ ਦੇਣ ਵਾਲੇ ਦੋ ਹੋਰ ਵਿਅਕਤੀ ਵੀ ਹਿਰਾਸਤ ਵਿੱਚ ਲਏ ਗਏ ਹਨ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਦੱਸਿਆ ਕਿ ਤੇਜਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਇੱਕ ਲੜਾਈ ਝਗੜੇ ਅਤੇ ਇੱਕ ਸ਼ਰਾਬ ਤਸਕਰੀ ਦਾ ਮੁਕੱਦਮਾ ਦਰਜ ਹੈ ਜਿਸ ਵਿੱਚ ਤਜਿੰਦਰ ਸਜ਼ਾ ਵੀ ਭੁਗਤ ਚੁੱਕਾ ਹੈ। ਡੀਐੱਸਪੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਗੋਰਖ ਬਾਬਾ ਸੋਸ਼ਲ ਮੀਡੀਆ ਉੱਤੇ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਕਰਦਾ ਸੀ ਪਰ ਉਸ ਕੋਲ ਹਥਿਆਰ ਰੱਖਣ ਦੀ ਲਾਈਸੈੱਸ ਵੀ ਨਹੀਂ ਸੀ ਅਤੇ ਇਸ ਮਸਲੇ ਸਬੰਧੀ ਵੀ ਮੁਲਜ਼ਮ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।