ਮਾਈਨਿੰਗ ਮਾਫੀਆ ਖ਼ਿਲਾਫ਼ ਸਰਕਾਰ ਦੀ ਕਾਰਵਾਈ, ਛਾਪੇਮਾਰੀ ਕਰ ਪੰਜ ਟਿੱਪਰ ਤੇ ਇੱਕ ਜੇਸੀਬੀ ਕੀਤੀ ਬਰਾਮਦ ਲੁਧਿਆਣਾ :ਮੁੱਖ ਮੰਤਰੀ ਭਗਵੰਤ ਮਾਨ ਅਤੇ ਮਾਈਨਿੰਗ ਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਈਨਿੰਗ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਲੁਧਿਆਣਾ ਦੇ ਪਿੰਡ ਭੂਖੜੀ ਅਤੇ ਧਨਾਨਸੂ ਵਿਖੇ ਅਚਨਚੇਤ ਛਾਪੇਮਾਰੀ ਕਰਦਿਆਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪੰਜ ਟਿੱਪਰ ਅਤੇ ਇਕ ਜੇਸੀਬੀ ਬਰਾਮਦ ਕੀਤੇ ਤੇ ਨਾਲ ਹੀ ਮੁਲਜ਼ਮ ਕੁਲਦੀਪ ਸਿੰਘ, ਰਣਧੀਰ ਸਿੰਘ, ਹਰਭਜਨ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਥਾਣਾ ਮੇਹਰਬਾਨ ਵਿਖੇ ਮਾਮਲਾ ਦਰਜ ਕੀਤਾ ਗਿਆ।
ਮਾਈਨਿੰਗ ਮਾਫੀਆ ਵੱਲੋਂ ਜਾਂਚ ਟੀਮਾਂ ਉਤੇ ਹਮਲਾ :ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਾਈਨਿੰਗ ਵਿਭਾਗ ਦੀਆਂ ਵੱਖ-ਵੱਖ ਟੀਮਾਂ ਸਮੇਤ ਮਾਈਨਿੰਗ ਇੰਸਪੈਕਟਰ ਅਮਨ ਠਾਕੁਰ, ਅੰਕਿਤ ਕੁਮਾਰ, ਪਰਵੇਸ਼ ਸ਼ੁਕਲਾ ਸਮੇਤ ਸਥਾਨਕ ਪੁਲਿਸ ਨੇ ਧਨਾਨਸੂ ਅਤੇ ਭੁਖੜੀ ਵਿਖੇ ਛਾਪੇਮਾਰੀ ਕੀਤੀ ਤਾਂ ਨਾਜਾਇਜ਼ ਮਾਈਨਿੰਗ ਕਰਦੇ ਪੰਜ ਟਿੱਪਰ ਅਤੇ ਤਿੰਨ ਜੇਸੀਬੀ ਮਸ਼ੀਨਾਂ ਪਾਈਆਂ ਗਈਆਂ। ਜਦੋਂ ਟੀਮਾਂ ਵਲੋਂ ਘੋਖ ਪੜਤਾਲ ਕੀਤੀ ਜਾ ਰਹੀ ਸੀ ਤਾਂ ਆਲੇ ਦੁਆਲੇ ਖੇਤਾਂ ਵਿੱਚ ਲੁਕੇ ਹੋਏ ਉਨ੍ਹਾਂ ਦੇ ਸਾਥੀਆਂ ਵਲੋਂ ਟੀਮਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋ ਜੇਸੀਬੀ ਮਸ਼ੀਨਾਂ ਨੂੰ ਮੌਕੇ ਤੋਂ ਭਜਾਉਣ ਵਿੱਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ :Preparations For G20 in Amritsar: ਜੀ 20 ਸੰਮੇਲਨ ਨੂੰ ਲੈ ਕੇ ਤਿਆਰੀਆਂ, ਸ਼ਹਿਰ ਵਿੱਚੋਂ ਹਟਾਏ ਜਾ ਰਹੇ ਨੇ ਨਾਜਾਇਜ਼ ਕਬਜ਼ੇ
ਸਰਕਾਰੀ ਖੱਡ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਸ਼ੁਰੂ :ਕਾਰਜਕਾਰੀ ਇੰਜਨੀਅਰ (ਐਕਸੀਅਨ) ਦੀ ਅਗਵਾਈ ਹੇਠ ਮਾਈਨਿੰਗ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਜ਼ਬਤ ਕੀਤੇ ਟਿੱਪਰ ਅਤੇ ਇੱਕ ਜੇਸੀਬੀ ਨੂੰ ਪੁਲਿਸ ਵਿਭਾਗ ਦੇ ਹਵਾਲੇ ਕਰ ਦਿੱਤਾ। ਇਹ ਸਰਕਾਰੀ ਖੱਡ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਸ਼ੁਰੂ ਕੀਤੀ ਗਈ ਸੀ, ਜਿੱਥੇ ਸਿਰਫ ਘਰੇਲੂ ਵਰਤੋਂ ਵਾਲਿਆਂ ਨੂੰ 5 ਰੁਪਏ 50 ਪੈਸੇ ਪਲੱਸ ਜੀਐਸਟੀ ਲਗਾ ਕੇ ਪ੍ਰਤੀ ਸੁਕੇਆਰ ਫੁੱਟ ਰੇਤ ਦਿੱਤੀ ਜਾ ਰਹੀ ਸੀ। ਮੁੱਖ ਮੰਤਰੀ ਨੇ ਸਾਫ ਕੀਤਾ ਸੀ ਕੇ ਟਿੱਪਰ ਚਾਲਕਾਂ ਨੂੰ ਇਥੋਂ ਰੇਤ ਨਹੀਂ ਭਰਨ ਦਿੱਤੀ ਜਾਵੇਗੀ ਪਰ ਰੇਤ ਲਿਜਾਂਦੇ ਟਿੱਪਰਾਂ ਤੇ ਹੁਣ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ :Behbal Kalan Insaaf Morcha: ਬਹਿਬਲ ਇਨਸਾਫ ਮੋਰਚੇ ਦੇ ਸ਼ੁਕਰਾਨਾ ਸਮਾਗਮ 'ਚ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ ਤੇ ਸਪੀਕਰ ਕੁਲਤਾਰ ਸੰਧਵਾਂ
ਧੜੱਲੇ ਨਾਲ ਚੱਲ ਰਹੀ ਰੇਤਾ ਦੀ ਮਾਈਨਿੰਗ :ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਲਗਾਤਾਰ ਹੀ ਮਾਈਨਿੰਗ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਘਰੇਲੂ ਜ਼ਰੂਰਤ ਲਈ ਰੇਤਾ ਦੀਆਂ ਸਰਕਾਰੀ ਖੱਡਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿਥੇ ਲੋਕਾਂ ਨੂੰ ਸਾਢੇ 5 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗੀ। ਫਿਰ ਵੀ ਮਾਈਨਿੰਗ ਮਾਫੀਆ ਵੱਲੋਂ ਧੜੱਲੇ ਨਾਲ ਰੇਤਾ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਸਮੇਂ-ਸਮੇਂ ਉਤੇ ਇਨ੍ਹਾਂ ਮਾਫੀਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।