ਲੁਧਿਆਣਾ: ਖੇਤੀ ਬਿੱਲ ਵਿਰੁੱਧ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਸਵੇਰ ਤੋਂ ਹੀ ਕਿਸਾਨ ਡਟੇ ਹੋਏ ਹਨ ਅਤੇ ਮੁਕੰਮਲ ਬੰਦ ਕੀਤਾ ਹੋਇਆ ਹੈ।
ਇਸ ਦੌਰਾਨ ਜਿੱਥੇ ਸਿਆਸੀ ਲੀਡਰ ਸਟੇਜਾਂ ਸਾਂਝੀਆਂ ਕਰਨ ਕਿਸਾਨਾਂ ਦੇ ਕੋਲ ਪਹੁੰਚੇ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੀ ਮੌਕੇ 'ਤੇ ਪਹੁੰਚੇ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਹੱਕ 'ਚ ਅੱਜ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਇਹ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਕਿਸਾਨ ਮਾਰੂ ਹਨ ਅਤੇ ਸਰਕਾਰ ਵਿਰੁੱਧ ਕਿਸਾਨਾਂ ਦਾ ਇਹ ਸੰਘਰਸ਼ ਅੱਜ ਸ਼ੁਰੂ ਹੋਇਆ ਹੈ ਜੋ ਇਸ ਬਿੱਲ ਨੂੰ ਵਾਪਸ ਕਰਵਾ ਕੇ ਹੀ ਸਾਹ ਲੈਣਗੇ।