ਲੁਧਿਆਣਾ: ਪੰਜਾਬ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪਰਾਲੀ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਲਈ ਸਿਰਦਰਦੀ ਬਣੀ ਹੋਈ ਹੈ ਪਰ ਹੁਣ ਕਿਸਾਨ ਮਸ਼ਰੂਮ ਦੀ ਖੇਤੀ (Mushroom cultivation) ਕਰਕੇ ਨਾ ਸਿਰਫ ਪਰਾਲੀ ਦਾ ਨਬੇੜਾ ਕਰ ਸਕਦੇ ਨੇ ਸਗੋਂ ਉਨ੍ਹਾਂ ਨੂੰ ਇਸ ਤੋਂ ਵਧੇਰੇ ਮੁਨਾਫ਼ਾ ਵੀ ਹੋ ਸਕਦਾ ਹੈ। ਇੱਕ ਛੋਟੇ ਜਿਹੇ ਕਮਰੇ ਤੋਂ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਪੀਏਯੂ ਲੁਧਿਆਣਾ ਵਿੱਚ 50 ਰੁਪਏ ਵਿੱਚ ਤੁਹਾਨੂੰ ਮਸ਼ਰੂਮ ਉਗਾਉਣ ਦੇ ਬੈਗ ਮਿਲਦੇ ਹਨ। ਸਿਰਫ਼ ਢਾਈ ਮਹੀਨੇ ਵਿੱਚ ਮਸ਼ਰੂਮ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਪ੍ਰਤੀ ਕਿੱਲੋ ਕਿਸਾਨ 50 ਰੁਪਏ ਤੱਕ ਮੁਨਾਫਾ ਅਸਾਨੀ ਦੇ ਨਾਲ ਕਮਾ ਸਕਦੇ ਹਨ। 30 ਤੋਂ 40 ਹਜ਼ਾਰ ਰੁਪਏ ਦੇ ਖਰਚੇ ਦੇ ਨਾਲ ਸਵੈ-ਰੁਜਗਾਰ ਦੀ ਸ਼ੁਰੂਆਤ ਕਰਕੇ ਇਸ ਤੋਂ ਨੌਜਵਾਨ ਕਾਫੀ ਫ਼ਾਇਦਾ ਹਾਸਿਲ ਕਰ ਸਕਦੇ ਹਨ।
ਚੋਖਾ ਮੁਨਾਫਾ ਅਤੇ ਪਰਾਲੀ ਦਾ ਹੱਲ: ਪੰਜਾਬ ਦੇ ਵਿੱਚ 5 ਕਿਸਮਾਂ ਦੇ ਮਸ਼ਰੂਮ ਹੁੰਦੇ ਨੇ ਜਿਨ੍ਹਾਂ ਵਿੱਚ ਬਟਨ ਮਸ਼ਰੂਮ, ਮਿਲਕੀ ਮਸ਼ਰੂਮ, ਉਇਸਟਰ ਮਸ਼ਰੂਮ, ਪੇਡੀ ਸਟਰਾਅ ਮਸ਼ਰੂਮ ਅਤੇ ਸ਼ੀਟਾਕੇ ਮਸ਼ਰੂਮ ਦੀ ਕਿਸਮ ਸ਼ਾਮਿਲ ਹੈ। ਇਨ੍ਹਾਂ ਵਿੱਚੋਂ 2 ਕਿਸਮਾਂ ਦੀ ਪੈਦਾਵਾਰ ਗਰਮੀਆਂ ਵਿੱਚ ਜਦੋਂ ਕਿ 3 ਕਿਸਮਾਂ ਕਿਸਾਨ ਸਰਦੀਆਂ ਵਿੱਚ ਲਾ ਸਕਦੇ ਨੇ। ਇਹ ਸੀਜ਼ਨ ਮਸ਼ਰੂਮ ਦੀ ਖੇਤੀ ਲਈ ਅਨੁਕੂਲ ਹੈ। 23 ਡਿਗਰੀ ਤਾਪਮਾਨ ਉੱਤੇ ਮਸ਼ਰੂਮ ਦੀ ਭਰਪੂਰ ਪੈਦਾਵਾਰ (Abundant mushroom production) ਹੁੰਦੀ ਹੈ। ਮਸ਼ਰੂਮ ਨੂੰ ਸਿੱਧੇ ਤੌਰ ਉੱਤੇ ਖਾਣ ਦੇ ਨਾਲ-ਨਾਲ ਇਸ ਦੇ ਕਈ ਪ੍ਰੋਡਕਟ ਵੀ ਤਿਆਰ ਕੀਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੀ ਸ਼ੈਲਫ਼ ਲਾਈਫ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਇਸ ਨੂੰ ਸਟੋਰ ਕੀਤਾ ਜਾ ਸਕਦਾ ਹੈ। ਮਸ਼ਰੂਮ ਦੀ ਵਿਸ਼ੇਸ਼ ਕਿਸਮ ਪੈਡੀ ਮਸ਼ਰੂਮ ਸਟਰਾਅ ਗਰਮੀਆਂ ਵਿੱਚ ਹੁੰਦੀ ਹੈ, ਪਰ ਇਸ ਦੇ ਨਾਲ ਕਿਸਾਨਾਂ ਦੀ ਪਰਾਲੀ ਵੀ ਵੱਡੇ ਪੱਧਰ ਉੱਤੇ ਵਰਤੀ ਜਾ ਸਕਦੀ ਹੈ।
ਕੈਂਸਰ ਰੋਗੀਆਂ ਲਈ ਮਸ਼ਰੂਮ ਵਰਦਾਨ: ਮਸ਼ਰੂਮ 'ਚ ਮੁੱਖ ਤੌਰ ਉੱਤੇ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਵਧੇਰੇ ਮਾਤਰਾ (High in protein and calcium) ਹੁੰਦੀ ਹੈ ਜੋਕਿ ਵਿਟਾਮਿਨ ਡੀ ਵਧੇਰੇ ਮਾਤਰਾ ਵਿੱਚ ਦਿੰਦੀ ਹੈ। ਮਸ਼ਰੂਮ ਕੈਂਸਰ ਪੀੜਤ ਮਰੀਜ਼ਾਂ ਦੇ ਲਈ ਵੀ ਕਾਫ਼ੀ ਲਾਹੇਵੰਦ ਨੇ। ਪੰਜਾਬ ਨੈਚਰੋਪੈਥੀ ਭਦੌੜ ਵਿੱਚ ਕੰਮ ਕਰਨ ਵਾਲੀ ਰਾਜਵਿੰਦਰ ਕੌਰ ਵੀ ਪੀਏਯੂ ਵਿੱਚ 5 ਦਿਨੀਂ ਮਸ਼ਰੂਮ ਫਾਰਮਿੰਗ ਦੀ ਸਿਖਲਾਈ ਲੈਣ ਲਈ ਆਈ ਹੈ, ਉਨ੍ਹਾ ਦੱਸਿਆ ਕਿ ਨੈਚਰੋਪੈਥੀ ਵਿੱਚ ਮਸ਼ਰੂਮ ਦੀ ਵਧੇਰੇ ਮਹਤੱਤਾ ਹੈ, ਡਾਕਟਰ ਵਿਸ਼ੇਸ਼ ਤੌਰ ਉੱਤੇ ਕੈਂਸਰ ਪੀੜਤਾਂ ਨੂੰ ਮਸ਼ਰੂਮ ਖਾਣ ਦੀ ਸਲਾਹ ਦਿੰਦੇ ਨੇ। ਇਸ ਕਰਕੇ ਹੀ, ਮੈਂ ਮਸ਼ਰੂਮ ਦੀ ਖੇਤੀ ਸਿੱਖ ਰਹੇ ਹਾਂ, ਮੈਂ ਕਈ ਡਿਗਰੀਆਂ ਕਰ ਚੁੱਕੀ ਹੈ, ਪਰ ਹੁਣ ਮਸ਼ਰੂਮ ਦੀ ਖੇਤੀ ਵੱਲ ਮੇਰਾ ਰੁਝਾਨ ਵਧਿਆ ਹੈ। ਇਹ ਕੈਂਸਰ ਰੋਗੀਆਂ ਦੇ ਨਾਲ ਹੋਰ ਰੋਗੀਆਂ ਲਈ ਖਾਸ ਕਰਕੇ ਜੋੜਾਂ ਦੇ ਦਰਦ ਦੇ ਮਰੀਜ਼, ਵਿਟਾਮਿਨ ਡੀ ਦੀ ਕਮੀ ਵਾਲੇ ਮਰੀਜ਼ਾਂ ਦੇ ਲਈ ਵਧੇਰੇ ਲਾਹੇਵੰਦ ਹੈ।