ਲੁਧਿਆਣਾ: ਖੇਤੀ ਕਾਨੂੰਨਾਂ ਵਿਰੁੱਧ ਸਮਰਾਲਾ ਦੇ ਰੇਲਵੇ ਸਟੇਸ਼ਨ ਉੱਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਬੀਤੀ ਰਾਤ ਨੂੰ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੌਤ ਅਚਾਨਕ ਸਿਹਤ ਵਿਗੜਣ ਕਾਰਨ ਹੋਈ ਹੈ।
ਕਿਸਾਨ ਆਗੂ ਨੇ ਕਿਹਾ ਕਿ ਮ੍ਰਿਤਕ ਕਿਸਾਨ ਦਾ ਨਾਂਅ ਗੁਰਮੀਤ ਸਿੰਘ ਹੈ ਅਤੇ ਉਸ ਦੀ ਉਮਰ 55 ਸਾਲ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਜਦੋਂ ਦਾ ਕਿਸਾਨ ਜਥੇਬੰਦੀਆਂ ਦਾ ਧਰਨਾ ਚਲ ਰਿਹਾ ਹੈ ਉਦੋਂ ਤੋਂ ਹੀ ਗੁਰਮੀਤ ਸਿੰਘ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰੀ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਉਦੋਂ ਕੇਂਦਰ ਸਰਕਾਰ ਨੂੰ ਮੰਨ ਜਾਣਾ ਚਾਹੀਦਾ ਸੀ ਕਿਉਂਕਿ ਹੁਣ ਮੀਂਹ ਪੈਣ ਨਾਲ ਅੱਤ ਦੀ ਠੰਢ ਹੋ ਗਈ ਹੈ। ਇਨ੍ਹਾਂ ਠੰਢ ਦੇ ਦਿਨਾਂ ਵਿੱਚ ਬਿਮਾਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਘਟਨਾ ਨਾ ਵਾਪਰਦੀ ਜੇ ਸਰਕਾਰ ਮੌਕੇ ਸਿਰ ਐਕਸ਼ਨ ਲੈਂਦੀ। ਇਸ ਘਟਨਾ ਦੀ ਸਿੱਧੇ ਤੌਰ ਉੱਤੇ ਮੋਦੀ ਸਰਕਾਰ ਦੋਸ਼ੀ ਹੈ।