ਲੁਧਿਆਣਾ: ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ 'ਤੇ ਖ਼ਾਲਿਸਤਾਨ ਬਾਰੇ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰਖਿਆ ਹੈ।
ਦਲਜੀਤ ਨੇ ਬਿੱਟੂ ਦਾ ਨਾਮ ਲਏ ਬਗੈਰ ਕਿਹਾ ਕਿ ਲੁਧਿਆਣਾ ਦੇ ਇੱਕ ਐਮਪੀ ਨੂੰ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਜਿਸ ਗਾਣੇ ਦੀ ਉਹ ਗੱਲ ਕਰ ਰਹੇ ਹਨ ਉਹ ਗਾਣਾ ਪੰਜਾਬ 1984 ਫਿਲਮ ਦਾ ਹੈ ਤੇ ਇਹ ਫ਼ਿਲਮ 2014 ਵਿੱਚ ਭਾਰਤੀ ਸੈਂਸਰ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਹੀ ਰਿਲੀਜ਼ ਕੀਤੀ ਗਈ ਸੀ, ਅਤੇ ਇਸ ਫ਼ਿਲਮ ਨੂੰ ਦੁਨੀਆ ਦੇ ਹਰ ਚੈਨਲ ਅਤੇ ਸਿਨੇਮਾ ਘਰਾਂ ਵਿੱਚ ਦਿਖਾਇਆ ਗਿਆ ਸੀ, ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਦਿੱਤਾ ਗਿਆ ਸੀ, ਅਤੇ ਜਿਸ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ ਤਾਂ ਉਸ ਦੇ ਗਾਣੇ ਕਿਵੇਂ ਗਲਤ ਹੋ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਉਸੇ ਗਾਣੇ ਨੂੰ ਮੈਂ ਦੋਬਾਰਾ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਗਾ ਕੇ ਪਾਇਆ ਸੀ ਤੇ ਉਸ ਵਿੱਚ ਕੀ ਗਲਤ ਹੋ ਗਿਆ, ਇਸ ਬਾਰੇ ਜਰੂਰ ਦੱਸਿਆ ਜਾਵੇ? ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਹੈ ਜੋ ਉਸ ਦੀ ਸਮਝ ਤੋਂ ਬਾਹਰ ਹੈ। ਦਲਜੀਤ ਨੇ ਇਹ ਵੀ ਕਿਹਾ ਕਿ ਉਹ ਦੇਸ਼ ਦੇ ਇੱਕ ਸਭਿਅਕ ਨਾਗਰਿਕ ਹਨ ਅਤੇ ਜਦੋਂ ਵੀ ਭਾਰਤ 'ਤੇ ਮੁਸੀਬਤ ਆਈ ਹੈ ਉਹ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਉਮੀਦ ਹੈ ਮੈਂ ਆਪਣੀ ਗੱਲ ਸਮਝਾ ਪਾਇਆ ਹੋਵਾਂ, ਇਸ ਤੋਂ ਬਾਅਦ ਦਲਜੀਤ ਨੇ ਲੋਕਾਂ ਅਤੇ ਐਮਪੀ ਤੋਂ ਰਾਏ ਵੀ ਮੰਗੀ।
ਦੱਸਦਈਏ ਕਿ ਰਵਨੀਤ ਬਿੱਟੂ ਵੱਲੋਂ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ 'ਤੇ ਖ਼ਾਲਿਸਤਾਨ ਬਾਰੇ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ ਲਗਾਏ ਗਏ ਹਨ। ਬਿੱਟੂ ਵੱਲੋਂ ਯੂਥ ਕਾਂਗਰਸ ਦੇ ਵਰਕਰਾਂ ਨੂੰ ਦਲਜੀਤ ਦੋਸਾਂਝ ਅਤੇ ਜੈਜ਼ੀ ਬੀ ਦੇ ਖਿਲਾਫ ਪੰਜਾਬ ਦੇ ਸਾਰੇ ਥਾਣਿਆਂ ਵਿੱਚ ਸ਼ਿਕਾਇਤ ਦੇਣ ਦੀ ਅਪੀਲ ਵੀ ਕੀਤੀ ਗਈ ਹੈ।