ਮੌਸਮ ਪੈ ਰਿਹਾ ਤਿਉਹਾਰਾਂ 'ਤੇ ਭਾਰੀ; ਲੁਧਿਆਣਾ ਦੀ ਦਰੇਸੀ ਪਤੰਗ-ਮਾਂਝੇ ਦੀ ਮਾਰਕੀਟ ਵਿੱਚ ਮੰਦੀ ਲੁਧਿਆਣਾ: ਪੰਜਾਬ ਵਿੱਚ ਲੋਹੜੀ ਅਤੇ ਮਾਘੀ ਵੇਲੇ ਵੱਡੀ ਗਿਣਤੀ ਵਿੱਚ ਪਤੰਗ ਉਡਾਏ ਜਾਂਦੇ ਹਨ, ਜੋ ਕਿ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਪਰ, ਇਸ ਵਾਰ ਕੜਾਕੇ ਦੀ ਠੰਡ ਕਰਕੇ ਸੂਰਜ ਨਹੀਂ ਨਿਕਲ ਰਿਹਾ ਅਤੇ ਬੱਚੇ ਨੌਜਵਾਨ ਘਰਾਂ ਵਿੱਚ ਡੱਕੇ ਰਹਿਣ ਨੂੰ ਮਜਬੂਰ ਹਨ। ਇਸ ਦਾ ਅਸਰ ਪਤੰਗ ਦੇ ਕਾਰੋਬਾਰ ਤੇ ਪੈ ਰਿਹਾ ਹੈ। ਲੁਧਿਆਣਾ ਦੇ ਦਰੇਸੀ ਹੋਲ ਸੇਲ ਬਜ਼ਾਰ ਵਿੱਚ ਕਰੋੜਾਂ ਰੁਪਏ ਦਾ ਪਤੰਗਾਂ ਦਾ ਕਾਰੋਬਾਰ ਹੁੰਦਾ ਹੈ, ਦਰੇਸੀ ਤੋਂ ਪੂਰੇ ਪੰਜਾਬ ਦੇ ਵਿੱਚ ਪਤੰਗ ਸਪਲਾਈ ਹੁੰਦੇ ਹਨ।
ਅੰਮ੍ਰਿਤਸਰ, ਜਲੰਧਰ, ਪਟਿਆਲਾ ਦੇ ਨਾਲ ਦਿੱਲੀ, ਚੰਡੀਗੜ੍ਹ ਤੱਕ ਵੀ ਦਰੇਸੀ ਦੇ ਪਤੰਗਾਂ ਦੀ ਵਿਕਰੀ ਹੁੰਦੀ ਹੈ। ਲੁਧਿਆਣਾ ਵਿੱਚ ਪਤੰਗ ਬਣਾਏ ਵੀ ਜਾਂਦੇ ਹਨ ਅਤੇ ਨਾਲ ਹੀ ਡੋਰ ਵੀ ਬਣਾਈ ਜਾਂਦੀ ਹੈ। ਲੁਧਿਆਣਾ ਵਿੱਚ ਇਹ ਕੰਮ ਪੁਸ਼ਤੈਣੀ ਚੱਲਦਾ ਆ ਰਿਹਾ ਹੈ। ਲੋਕ ਕਈ ਕਈ ਦਹਾਕਿਆਂ (Daresi Market Of Kites) ਤੋਂ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਸੀਜ਼ਨਲ ਕੰਮ ਹੋਣ ਕਰਕੇ ਇਹ ਕੰਮ ਸਿਰਫ਼ ਦੋ ਮਹੀਨੇ ਤੱਕ ਹੀ ਚੱਲਦਾ ਹੈ, ਪਰ ਇਹ ਕੰਮ ਲਗਾਤਾਰ ਪਹਿਲਾਂ ਹੀ ਸੁੰਗੜ ਦਾ ਜਾ ਰਿਹਾ ਹੈ।
ਮੌਸਮ ਪੈ ਰਿਹਾ ਤਿਉਹਾਰਾਂ 'ਤੇ ਭਾਰੀ ਬਜ਼ਾਰਾਂ 'ਚ ਪਸਰੀ ਸੁੰਨ: ਬਜ਼ਾਰਾਂ ਵਿੱਚ ਸੁੰਨ ਪਸਰੀ ਹੋਈ ਹੈ। ਦਰੇਸੀ ਹੋਲ ਸੇਲ ਬਜ਼ਾਰ ਵਿੱਚ ਕਾਰੋਬਾਰੀਆਂ ਦਾ ਕਹਿਣਾ ਹੈ ਕਿ 40 ਤੋਂ 50 ਫੀਸਦੀ ਕੰਮ ਰਹਿ ਗਿਆ ਹੈ। ਸੀਜ਼ਨਲ ਕੰਮ ਹੋਣ ਕਰਕੇ ਹੁਣ ਸਿਰਫ 10 ਤੋਂ 15 ਦਿਨ ਹੀ ਕੰਮ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਉਹ ਕੰਮ ਕਰ ਰਹੇ ਹਨ, ਪਰ ਅਜਿਹੇ ਹਾਲਤ ਕਦੀ ਨਹੀਂ ਵੇਖੇ। ਕਾਰੋਬਾਰੀਆਂ ਨੇ ਦੱਸਿਆ ਕਿ ਅਸੀਂ ਲੋਹੜੀ ਤੋਂ 3-4 ਦਿਨ ਪਹਿਲਾਂ ਤੱਕ 50 ਤੋਂ 60 ਫ਼ੀਸਦੀ ਤੱਕ ਸਟਾਕ ਕਲੀਅਰ ਕਰ ਲੈਂਦੇ ਹਨ, ਪਰ ਇਸ ਵਾਰ ਹਾਲਾਤ ਇਹ ਹਨ ਕਿ 20 ਫੀਸਦੀ ਸਟਾਕ ਵੀ ਕਲੀਅਰ ਨਹੀਂ ਹੋ ਪਾਇਆ ਹੈ। ਜੇਕਰ ਇਹੀ ਹਾਲਾਤ ਰਹੇ ਤਾਂ, ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ। 40 ਤੋਂ 50 ਫ਼ੀਸਦੀ ਤਕ ਦਾ ਨੁਕਸਾਨ ਪੱਕਾ ਹੈ। ਇਸ ਤੋਂ ਜਿਆਦਾ ਵੱਧ ਵੀ ਸਕਦਾ ਹੈ।
ਮੌਸਮ ਦੀ ਮਾਰ:ਪੰਜਾਬ ਵਿੱਚ ਮੌਸਮ ਦੀ ਮਾਰ ਚੱਲ ਰਹੀ ਹੈ। ਕੜਾਕੇ ਦੀ ਠੰਡ ਨਾਲ ਸੰਘਣੀ ਧੁੰਦ ਪੈ ਰਹੀ ਹੈ। ਇੱਥੇ ਤੱਕ ਕਿ ਮੌਸਮ ਵਿਭਾਗ ਵੱਲੋਂ ਲੋਹੜੀ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਤੋਂ ਸਾਫ ਜਾਹਿਰ ਹੈ ਕਿ ਆਉਣ ਵਾਲੇ ਦੋ ਤਿੰਨ ਦਿਨਾਂ ਤੱਕ ਧੁੱਪ ਨਿਕਲਣ ਦੇ ਕੋਈ ਆਸਾਰ ਨਹੀਂ ਹਨ। ਪਤੰਗ ਕਾਰੋਬਾਰੀਆਂ ਨੇ ਦੱਸਿਆ ਹੈ ਕਿ ਜਦੋਂ ਧੁੱਪ ਨਹੀਂ ਨਿਕਲਦੀ, ਤਾਂ ਮਾਪੇ ਆਪਣੇ ਬੱਚਿਆਂ ਨੂੰ ਛੱਤਾ ਉੱਤੇ ਨਹੀਂ ਭੇਜਦੇ ਅਤੇ ਨਾ ਹੀ ਉਹ ਪਤੰਗ ਉੜਾਉਂਦੇ ਹਨ, ਕਿਉਂਕਿ ਮੌਸਮ ਉਨ੍ਹਾਂ ਦੇ ਕੰਮ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਜੇਕਰ ਮੌਸਮ ਸਾਫ ਨਹੀਂ ਹੋਵੇਗਾ, ਤਾਂ ਪਤੰਗ ਨਹੀਂ ਚੜਾਏ ਜਾਂਦੇ।
ਦਰੇਸੀ ਪਤੰਗ-ਮਾਂਝੇ ਦੀ ਮਾਰਕੀਟ ਵਿੱਚ ਮੰਦੀ ਉਨ੍ਹਾਂ ਨੇ ਕਿਹਾ ਕਿ ਜਿਆਦਾ ਸੰਘਣੀ ਧੁੰਦ ਪੈਣ ਦੇ ਨਾਲ ਤਰੇਲ ਗਿਰਦੀ ਰਹਿੰਦੀ ਹੈ ਜਿਸ ਨਾਲ ਪਤੰਗ ਗਿੱਲੇ ਹੋ ਜਾਂਦੇ ਹਨ। ਇਸ ਕਰਕੇ ਪਤੰਗ ਨਹੀਂ ਉੱਡ ਪਾਉਂਦੇ, ਜੋ ਪਤੰਗ ਉਨ੍ਹਾਂ ਦੇ ਗੋਦਾਮਾਂ ਦੇ ਵਿੱਚ ਪਏ ਹਨ, ਉਹ ਵੀ ਮੌਸਮ ਦੀ ਮਾਰ ਕਰਕੇ ਕਾਗਜ਼ ਦਾ ਪਤੰਗ ਸਲਾਬ ਜਾਂਦਾ ਹੈ। ਇਸ ਦੀ ਵਿਕਰੀ ਨਹੀਂ ਹੁੰਦੀ ਅਤੇ ਇਸ ਨਾਲ ਉਨ੍ਹਾਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਕਾਰੋਬਾਰੀ ਨੇ ਕਿਹਾ ਕਿ ਇਹ ਸੀਜ਼ਨਲ ਕੰਮ ਹੈ ਅਤੇ ਉਹ ਬਰੇਲੀ ਅਤੇ ਹੋਰ ਥਾਵਾਂ ਤੋਂ ਸਮਾਨ ਮੰਗਵਾਉਂਦੇ ਹਨ।
ਬੱਚਿਆਂ ਦਾ ਰੁਝਾਨ ਘੱਟਿਆ: ਪਤੰਗਾਂ ਨੂੰ ਲੈ ਕੇ ਬੱਚਿਆਂ ਦਾ ਰੁਝਾਨ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ। ਹੁਣ ਬੱਚੇ ਆਊਟਡੋਰ ਗੇਮਾਂ ਖੇਡਣ ਤੋਂ ਜਿਆਦਾ ਇਨਡੋਰ ਗੇਮਜ਼ ਖੇਡਣਾ ਜਿਆਦਾ ਪਸੰਦ ਕਰਦੇ ਹਨ। ਬੱਚੇ ਮੋਬਾਈਲਾਂ ਉੱਤੇ ਲੱਗੇ ਰਹਿੰਦੇ ਹਨ ਅਤੇ ਇਸ ਕਰਕੇ ਪਤੰਗ ਉਡਾਣ ਵਿੱਚ ਹੁਣ ਬੱਚਿਆਂ ਦੀ ਰੁਚੀ ਘੱਟਦੀ ਜਾ ਰਹੀ ਹੈ। ਪਹਿਲਾਂ ਜਦੋਂ ਲੋਹੜੀ ਜਾਂ ਮਾਘੀ ਹੁੰਦੀ ਸੀ, ਤਾਂ ਦੋ-ਦੋ ਮਹੀਨੇ ਪਹਿਲਾਂ ਹੀ ਪਤੰਗ ਉਡਣੇ ਸ਼ੁਰੂ ਹੋ ਜਾਂਦੇ ਸਨ, ਪਰ ਹੁਣ ਲੋਕਾਂ ਦੀ ਰੁਚੀ ਘਟਦੀ ਜਾ ਰਹੀ।
ਇਹੀ ਕਾਰਨ ਹੈ ਕਿ ਅੱਗੇ ਤੋਂ ਪਤੰਗਾ ਦੀ ਵਿਕਰੀ ਕਾਫੀ ਘਟੀ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ਕਰਕੇ ਵੀ ਕੰਮ ਉੱਤੇ ਅਸਰ ਪਿਆ ਹੈ। ਕੁਝ ਲੋਕ ਜੋ ਪਤੰਗਬਾਜ਼ੀ ਕਰਦੇ ਸਨ, ਉਹ ਚਾਈਨਾ ਡੋਰ ਆਉਣ ਕਰਕੇ ਇਸ ਤੋਂ ਹੁਣ ਗੁਰੇਜ਼ ਕਰਨ ਲੱਗ ਗਏ ਹਨ। ਹਾਲਾਂਕਿ, ਬਾਜ਼ਾਰਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਸਖ਼ਤੀ ਕੀਤੀ ਗਈ ਹੈ ਅਤੇ ਖਾਸ ਕਰਕੇ ਡਰੋਨ ਰਾਹੀਂ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਚਾਈਨਾ ਡੋਰ ਕਰਕੇ ਲੋਕਾਂ ਦੀ ਰੁਚੀ ਹੋਣ ਪਤੰਗਬਾਜ਼ੀ ਵਿੱਚ ਪਹਿਲਾਂ ਨਾਲੋਂ ਕਾਫੀ ਘੱਟ ਗਈ ਹੈ। ਆਮ ਡੋਰ ਨਾਲ ਲੋਕ ਹੁਣ ਪਤੰਗ ਨਹੀਂ ਉਡਾ ਰਹੇ।
ਘੱਟੀਆ ਕੀਮਤਾਂ:ਬਾਜ਼ਾਰ ਵਿੱਚ ਮੰਦੀ ਹੋਣ ਕਰਕੇ ਪਤੰਗ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਕਟੌਤੀ ਹੋ ਰਹੀ ਹੈ ਜਿਸ ਕੀਮਤ ਉੱਤੇ ਮਾਲ ਆਇਆ ਹੈ। ਉਸ ਤੋਂ ਥੌੜਾ ਬਹੁਤ ਮਾਰਜਨ ਰੱਖ ਕੇ ਹੀ ਅੱਗੇ ਵੇਚਿਆ ਜਾ ਰਿਹਾ ਹੈ। ਕਾਰੋਬਾਰੀਆਂ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਉਨ੍ਹਾਂ ਨੂੰ ਹੁਣ ਇਹੀ ਫਿਕਰ ਹੈ ਕਿ ਸਟਾਕ ਕਲੀਅਰ ਹੋ ਜਾਵੇ ਕੁਝ ਪੈਸੇ ਬਚੇ ਨਾ ਬਚੇ, ਇਹ ਮਾਇਨੇ ਨਹੀਂ ਰੱਖਦੇ। ਕਾਰੋਬਾਰੀਆਂ ਨੇ ਕਿਹਾ ਕਿ ਜੇਕਰ ਸਮਾਨ ਬਚਦਾ ਹੈ, ਤਾਂ ਉਹ ਸਿੱਧਾ ਸਿੱਧਾ ਨੁਕਸਾਨ ਹੈ। ਉਸ ਤੋਂ 50 ਫੀਸਦੀ ਸਟਾਕ ਅਗਲੇ ਸਾਲ ਕੰਮ ਵਿੱਚ ਨਹੀਂ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੋ ਪਤੰਗ 500 ਰੁਪਏ ਸੈਂਕੜਾਂ ਆ ਰਹੀ ਸੀ, ਉਹ 450 ਰੁਪਏ ਸੈਂਕੜਾ ਵੇਚ ਰਹੇ ਹਨ।