ਖੰਨਾ : ਸੂਬੇ ਵਿੱਚ ਅਪਰਾਧਿਕ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਕਾਨੂੰਨੀ ਕਾਰਵਾਈ ਉੱਤੇ ਸਵਾਲ ਤਾਂ ਉੱਠਦਾ ਹੀ ਹੈ। ਦਰਾਅਸਰ ਖੰਨਾ ਦੇ ਮਲੇਰਕੋਟਲਾ ਰੋਡ 'ਤੇ ਸਥਿਤ ਆਫਿਸਰਜ਼ ਕਲੋਨੀ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ 70 ਸਾਲਾਂ ਦੀ ਬਜ਼ੁਰਗ ਔਰਤ ਨੂੰ ਘਰ ਵਿੱਚ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਮੁਲਜ਼ਮਾਂ ਨੇ ਮੂੰਹ ਵਿੱਚ ਕੱਪੜਾ ਵੀ ਪਾਇਆ ਤਾਂ ਜੋ ਬਜ਼ੁਰਗ ਦੇ ਰੌਲੇ ਦੀ ਆਵਾਜ਼ ਬਾਹਰ ਨਾ ਨਿਕਲ ਸਕੇ। ਇੱਕ ਤਰ੍ਹਾਂ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ। ਇਸ ਬਜ਼ੁਰਗ ਔਰਤ ਦੇ ਨਾਲ ਲੁਟੇਰਿਆਂ ਨੇ ਜੋ ਵਿਵਹਾਰ ਕੀਤਾ ਉਸਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਬਜ਼ੁਰਗ ਦੇ ਹਾਲਾਤ ਇਹ ਹਨ ਕਿ ਉਸਦਾ ਮੂੰਹ ਸੁੱਜ ਕੇ ਨੀਲਾ ਹੋ ਚੁੱਕਾ ਹੈ, ਅੱਖਾਂ ਖੁੱਲ੍ਹ ਨਹੀਂ ਰਹੀਆਂ। ਇੰਨੀ ਉਮਰ ਦੀ ਔਰਤ ਨਾਲ ਜੇਕਰ ਇਹੋ ਜਿਹਾ ਵਿਵਹਾਰ ਹੁੰਦਾ ਹੈ ਤਾਂ ਕਾਨੂੰਨ ਵਿਵਸਥਾ ਉਪਰ ਸਵਾਲ ਤਾਂ ਜ਼ਰੂਰ ਉੱਠਣਗੇ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ।
ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ: ਦੱਸਣਯੋਗ ਹੈ ਕਿ ਲੁੱਟ ਦਾ ਸ਼ਿਕਾਰ ਹੋਈ ਸੁਰਜੀਤ ਕੌਰ ਨੇ ਹਸਪਤਾਲ ਵਿਖੇ ਜੇਰੇ ਇਲਾਜ ਹੈ। ਆਪਣੇ ਹਾਲਾਤ ਬਿਆਨ ਕਰਦਿਆਂ ਪੀੜਤਾ ਨੇ ਦੱਸਿਆ ਕਿ ਦੋ ਨੌਜਵਾਨ ਸਿੱਧੇ ਕਮਰੇ ਵਿੱਚ ਦਾਖ਼ਲ ਹੋਏ। ਆਉਂਦਿਆਂ ਹੀ ਕਿਹਾ ਕਿ ਉਹ ਦਵਾਈ ਲੈਣ ਆਏ ਹਨ। ਇਸ ਦੌਰਾਨ ਉਹਨਾਂ ਨੇ ਮੂੰਹ ਢੱਕੇ ਹੋਏ ਸਨ। ਇਸ ਕਰਕੇ ਜਦੋਂ ਉਸਨੇ ਆਪਣਾ ਮੋਬਾਇਲ ਚੁੱਕ ਕੇ 112 'ਤੇ ਪੁਲਿਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸਦਾ ਫੋਨ ਖੋਹ ਕੇ ਸੁੱਟ ਦਿੱਤਾ ਤੇ ਬੁਰੀ ਤਰ੍ਹਾਂ ਉਸਨੂੰ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਨੇ ਦੱਸਿਆ ਕਿ ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ। ਬਜ਼ੁਰਗ ਨੇ ਲੁਟੇਰਿਆਂ ਦੇ ਮੂੰਹ ਤੋਂ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਕੌਣ ਹਨ। ਪਰ ਲੁਟੇਰਿਆਂ ਨੇ ਸੁਰਜੀਤ ਕੌਰ 'ਤੇ ਇੰਨੇ ਵਾਰ ਕਰ ਦਿੱਤੇ ਕਿ ਉਸਨੂੰ ਕੋਈ ਸੁੱਧ ਨਾ ਰਹੀ।