ਲੁਧਿਆਣਾ ਦੇ ਕਾਰੋਬਾਰੀਆਂ ਨੇ ਵਿਧਾਇਕ ਨੂੰ ਦੱਸੀਆਂ ਮੁਸ਼ਕਲਾਂ, ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੀ ਕੀਤੀ ਮੰਗ ਲੁਧਿਆਣਾ :ਲੁਧਿਆਣਾ ਨੂੰ ਇੰਡਸਟਰੀ ਦਾ ਰੱਬ ਕਿਹਾ ਜਾਂਦਾ ਹੈ। ਲੁਧਿਆਣਾ ਵਿੱਚ ਵੱਡੀ ਇੰਡਸਟਰੀ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਛੋਟੀ ਇੰਡਸਟਰੀ ਵੀ ਮੌਜੂਦ ਹੈ। ਵੱਡੀ ਗਿਣਤੀ ਵਿੱਚ ਐਮਐਸਐਮਈ ਇੰਡਸਟਰੀ ਮਿਕਸਡ ਯੂਜ਼ ਲੈਂਡ ਵਾਲੀ ਹੈ, ਜਿਸਦੀ ਮਿਆਦ ਸਤੰਬਰ ਵਿਚ ਖਤਮ ਹੋ ਰਹੀ ਹੈ ਅਤੇ ਇੰਡਸਟਰੀ ਉਪਰ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ। ਬੇਸ਼ੱਕ ਇਸ ਨੂੰ ਲੈ ਕੇ ਕਾਰੋਬਾਰੀਆਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਪੂਰਨ ਭਰੋਸਾ ਦਿੱਤਾ ਗਿਆ ਹੈ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਦੱਸੀਆਂ ਮੁਸ਼ਕਲਾਂ :ਲੱਖਾਂ ਦੀ ਗਿਣਤੀ ਵਿਚ ਪੰਜਾਬੀ ਅਤੇ ਪ੍ਰਵਾਸੀ ਇਸ ਇੰਡਸਟਰੀ ਨਾਲ ਜੁੜੇ ਹੋਏ ਹਨ । ਜੇਕਰ ਇਹ ਇੰਡਸਟਰੀ ਬੰਦ ਹੁੰਦੀ ਹੈ ਤਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਬੇਰੋਜ਼ਗਾਰ ਹੋ ਜਾਣਗੇ, ਜਿਸ ਦੇ ਚਲਦਿਆਂ ਲੁਧਿਆਣਾ ਵਿੱਚ ਹੋਇਆ ਇੱਕ ਨਿੱਜੀ ਪ੍ਰੋਗਰਾਮ ਦੇ ਦੌਰਾਨ ਕਾਰੋਬਾਰੀਆਂ ਵੱਲੋਂ ਆਪਣੀਆਂ ਮੁਸ਼ਕਿਲਾਂ ਆਪ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਦੱਸੀਆਂ ਗਈਆਂ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣ ਦੀ ਵੀ ਮੰਗ ਰੱਖੀ ਗਈ ਹੈ।
ਐਸਐਮਐਸਐਮਈ ਸਿਰੋਂ ਚੱਲਦਾ ਲੱਖਾਂ ਲੋਕਾਂ ਦਾ ਰੁਜ਼ਗਾਰ :ਇਸ ਮੌਕੇ ਬੋਲਦਿਆਂ ਕਾਰੋਬਾਰੀਆਂ ਨੇ ਦੱਸਿਆ ਕਿ ਮਿਕਸਡ ਯੂਜ਼ ਲੈਂਡ ਵਾਲੀ ਤਲਵਾਰ ਐਮਐਸਐਮਈ ਇੰਡਸਟਰੀ ਉਤੇ ਲਟਕ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 4 ਤੋਂ 5 ਲੱਖ ਦੇ ਕਰੀਬ ਲੋਕਾਂ ਦਾ ਰੁਜ਼ਗਾਰ ਐਸਐਮਐਸਐਮਈ ਤੋਂ ਚੱਲਦਾ ਹੈ ਅਤੇ ਕਿਤੇ ਨਾ ਕਿਤੇ ਵੱਡੇ ਕਾਰੋਬਾਰ ਵੀ ਛੋਟੀ ਇੰਡਸਟਰੀ ਉਪਰ ਨਿਰਭਰ ਹਨ। ਜਿੱਥੇ ਉਨ੍ਹਾਂ ਨੇ ਇਸ ਦੇ ਸਬੰਧ ਵਿੱਚ ਹੱਲ ਕਰਨ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੀ ਮੰਗ ਕੀਤੀ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਨੂੰ ਧਨਾਸੂ ਵਿਚ ਪਲਾਟ ਦਿੱਤੇ ਗਏ ਹਨ, ਪਰ ਦੂਰ ਹੋਣ ਕਾਰਨ ਲੋਕ ਉੱਥੇ ਇੰਡਸਟਰੀ ਨਹੀਂ ਲਗਾ ਰਹੇ। ਉਥੇ ਹੀ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਤੋਂ ਵਾਅਦੇ ਅਨੁਸਾਰ ਸਸਤੀ ਬਿਜਲੀ ਅਤੇ 24 ਘੰਟੇ ਬਿਜਲੀ ਦੀ ਮੰਗ ਪੂਰੀ ਕਰਨ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ :ਮੁਖਤਾਰ ਅੰਸਾਰੀ ਨੂੰ ਵੱਡਾ ਝਟਕਾ, ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਸੁਣਾਈ 10 ਸਾਲ ਦੀ ਸਜ਼ਾ, 5 ਲੱਖ ਰੁਪਏ ਜੁਰਮਾਨਾ
ਮੰਗਾਂ ਪੂਰੀਆਂ ਕਰਵਾਉਣ ਦਾ ਦਿੱਤਾ ਭਰੋਸਾ :ਇਸ ਮੌਕੇ ਉਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਾਰੋਬਾਰੀ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਜਤਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਉਨ੍ਹਾਂ ਦੀਆਂ ਮੰਗਾਂ ਰੱਖੀਆਂ ਗਈਆਂ ਹਨ। ਜਲਦੀ ਹੀ ਕਾਰੋਬਾਰੀਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਕੇ ਇਹਨਾਂ ਦਾ ਹੱਲ ਵੀ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਕਾਰੋਬਾਰੀਆਂ ਨੂੰ 24 ਘੰਟੇ ਬਿਜਲੀ ਉਪਲੱਬਧ ਕਰਵਾਈ ਜਾਵੇਗੀ ਅਤੇ ਜਲਦ ਹੀ ਪੰਜਾਬ ਸਰਕਾਰ ਬਾਕੀ ਵਾਅਦਿਆਂ ਦੀ ਤਰ੍ਹਾਂ ਪੰਜ ਰੁਪਏ ਬਿਜਲੀ ਵਾਲਾ ਵਾਅਦਾ ਵੀ ਪੂਰਾ ਕਰੇਗੀ।