ਲੁਧਿਆਣਾ:ਸਾਡੇ ਦੇਸ਼ ਦੇ ਵਿੱਚ ਸਦੀਆਂ ਤੋਂ ਪਤੰਗਬਾਜ਼ੀ ਹੁੰਦੀ ਆ ਰਹੀ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਮੁਗਲ ਭਾਰਤ ਵਿੱਚ ਆਏ ਸਨ, ਤਾਂ ਉਸ ਸਮੇਂ ਤੋਂ ਹੀ ਪਤੰਗਬਾਜ਼ੀ ਹੁੰਦੀ ਸੀ। ਅਜੋਕੇ ਯੁੱਗ ਵਿੱਚ ਪਤੰਗਬਾਜ਼ੀ ਸਾਡੇ ਤਿਉਹਾਰਾਂ ਦੇ ਨਾਲ ਵੀ ਜੁੜ ਚੁੱਕੀ ਹੈ। ਮਾਲਵੇ ਅਤੇ ਮਾਝੇ ਦੇ ਕੁਝ ਇਲਾਕੇ ਦੇ ਵਿੱਚ ਲੋਹੜੀ ਵੇਲ੍ਹੇ ਅਤੇ ਦੁਆਬੇ ਦੇ ਇਲਾਕੇ ਵਿੱਚ ਬਸੰਤ ਪੰਚਮੀ ਵਾਲੇ ਪਤੰਗਬਾਜ਼ੀ ਕੀਤੀ ਜਾਂਦੀ ਹੈ, ਪਰ ਇਸ ਰੰਗ ਦੇ ਵਿਚ ਭੰਗ ਪਿਛਲੇ 10 ਸਾਲ ਤੋਂ ਪਿਆ ਹੈ, ਜਦੋਂ ਮਾਰਕੀਟ ਵਿੱਚ (Revolving door is made in Ludhiana) ਚਾਇਨਾ ਡੋਰ ਨੇ ਆਪਣੀ ਥਾਂ ਬਣਾ ਲਈ। ਇਸ ਦਾ ਸ਼ਿਕਾਰ ਪਸ਼ੂ-ਪੰਛੀਆਂ ਦੇ ਨਾਲ ਇਨਸਾਨ ਵੀ ਹੋਣ ਲੱਗੇ। ਇਹ ਚਾਈਨਾਂ ਡੋਰ ਕਈ ਮੌਤਾਂ ਦਾ ਕਾਰਨ ਵੀ ਬਣ ਚੁੱਕੀਆਂ ਹਨ।
ਪਿਛਲੇ 55 ਸਾਲਾਂ ਤੋਂ ਬਣਾ ਰਹੇ ਇਹ ਰਵਾਇਤੀ ਡੋਰ: ਲੁਧਿਆਣਾ ਵਿੱਚ ਬੀਤੇ 55 ਸਾਲ ਤੋਂ ਹੀ ਸੁਰਿੰਦਰ ਕੁਮਾਰ ਰਵਾਇਤੀ ਡੋਰ ਬਣਾਉਣ ਦਾ ਕੰਮ ਕਰ ਰਹੇ ਹਨ। ਇਹ ਉਨ੍ਹਾਂ ਦਾ ਪੁਸ਼ਤੈਨੀ ਕੰਮ ਹੈ। ਪਾਕਿਸਤਾਨ ਤੋਂ ਜਦੋਂ ਉਹ ਲੁਧਿਆਣਾ ਆਏ ਸਨ, ਤਾਂ ਇਹ ਕੰਮ ਉਨ੍ਹਾਂ ਦੇ ਪੁਰਖਿਆਂ ਵੱਲੋਂ ਉਸ ਨੂੰ ਸਿਖਾਇਆ ਗਿਆ ਸੀ ਜਿਸ ਨੂੰ ਉਨ੍ਹਾਂ ਨੇ ਅੱਜ ਵੀ ਜਾਰੀ ਰੱਖਿਆ ਹੈ। ਉੱਚ ਕੋਟੀ ਦੀ ਡੋਰ ਬਣਾਉਣ ਦਾ ਕੰਮ ਇੱਥੇ ਕੀਤਾ ਜਾਂਦਾ ਹੈ ਅਤੇ ਇਹ ਡੋਰ ਚਾਈਨਾ ਦੀ ਡੋਰ ਨੂੰ ਵੀ ਕੱਟ ਦਿੰਦੀ ਹੈ, ਕਿਉਂਕਿ ਕਾਰੀਗਰਾਂ ਨੇ ਦੱਸਿਆ ਕਿ 12 ਤਾਰਾਂ ਵਾਲੀ ਇਹ ਡੋਰ ਵਰਧਮਾਨ ਕੰਪਨੀ ਦੇ ਉੱਚ ਕੋਟੀ ਦੇ ਸੂਤ ਨਾਲ ਤਿਆਰ ਕੀਤੀ ਜਾਂਦੀ ਹੈ ਜਿਸ ਦੇ ਨਾਲ ਚਾਈਨਾ ਡੋਰ ਨੂੰ ਵੀ ਆਸਾਨੀ ਨਾਲ ਕੱਟਿਆ ਜਾ ਸਕਦਾ ਹੈ।
ਕੀਮਤ ਅਤੇ ਲੰਬਾਈ ਨੂੰ ਲੈ ਕੇ ਦਾਅਵਾ: ਰਵਾਇਤੀ ਡੋਰ ਬਣਾਉਣ ਵਾਲੇ ਸੁਰਿੰਦਰ ਕੁਮਾਰ ਡਾਵਰ ਨੇ ਦੱਸਿਆ ਕਿ ਜੇਕਰ ਕੋਈ ਵੀ ਉਨ੍ਹਾਂ ਦੀ ਡੋਰ ਦੀ ਲੰਬਾਈ ਵਿੱਚ ਘਾਟਾ ਸਾਬਿਤ ਕਰ ਲਵੇ ਤਾਂ ਉਸ ਨੂੰ 11 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਤੱਕ ਇਸ ਦਾਅਵੇ ਨੂੰ ਕੋਈ ਝੂਠ ਸਾਬਤ ਨਹੀਂ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ ਜੋ ਚਾਈਨਾ ਡੋਰ ਆਉਂਦੀ ਹੈ, ਉਸ ਤੋਂ ਜ਼ਿਆਦਾ ਵਜ਼ਨ ਉਸ ਦੇ ਗੱਟੂ ਦਾ ਹੀ ਹੁੰਦਾ ਹੈ। ਪਰ, ਜਿਹੜੀ ਡੋਰ ਉਨ੍ਹਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ, ਉਸ ਵਿੱਚ ਉਹ ਚਰਖੜੀ ਦੀ ਕੀਮਤ ਅੱਲਗ ਲਾਉਂਦੇ ਹਨ ਅਤੇ ਡੋਰ ਪੂਰੀ ਨਿਕਲਦੀ ਹੈ।
ਕਿਵੇਂ ਹੁੰਦੀ ਤਿਆਰ:ਰਵਾਇਤੀ ਡੋਰ ਤਿਆਰ ਕਰਨ ਵਾਲੇ ਕਾਰੀਗਰ ਮੁਕੇਸ਼ ਨੇ ਦੱਸਿਆ ਹੈ ਕਿ ਉਹ ਬੀਤੇ 30 ਸਾਲ ਤੋਂ ਇਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੰਮ ਉੱਤੇ ਚਾਇਨਾ ਡੋਰ ਦਾ ਅਸਰ ਜ਼ਰੂਰ ਪਿਆ ਹੈ, ਪਰ ਜਿਹੜੇ ਲੋਕ ਇਸ ਡੋਰ ਦੇ ਸ਼ੌਕੀਨ ਹਨ ਅਤੇ ਜਿਨ੍ਹਾਂ ਨੂੰ ਇਸ ਦੀ ਮਹੱਤਤਾ ਪਤਾ ਹੈ ਉਹ ਇਸ ਨੂੰ ਵਰਤਦੇ ਹਨ। ਖਾਸ ਕਰਕੇ ਜੈਨ ਬਰਾਦਰੀ ਨਾਲ ਸਬੰਧਤ ਲੋਕ ਚਾਈਨਾ ਡੋਰ ਤੋਂ ਗੁਰੇਜ਼ ਕਰਦੇ ਹਨ, ਕਿਉਂਕਿ ਉਸ ਨਾਲ ਪੰਛੀਆਂ ਦਾ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਦੀ ਧਰਮ ਦੇ ਵਿੱਚ ਇਸ ਨੂੰ ਵੱਡਾ ਪਾਪ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸੂਤ ਨੂੰ ਅਸੀਂ ਲੜੀਆਂ ਵਿੱਚ ਬੰਨ੍ਹ ਲੈਂਦੇ ਹਾਂ ਅਤੇ ਫਿਰ ਉਸ ਉੱਤੇ ਰੰਗ ਚੜ੍ਹਾਇਆ ਜਾਂਦਾ ਹੈ। ਫਿਰ ਉਸ ਦੇ ਮਾਂਝਾ ਚੜਾਇਆ ਜਾਂਦਾ ਹੈ, ਜੋ ਕਿ ਉੱਚ ਕੋਟੀ ਦੇ ਸ਼ੀਸ਼ੇ ਦੇ ਚੂਰੇ ਨਾਲ ਅਤੇ ਅਰਾਰੋਟ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਬਿਨਾਂ ਕੈਮੀਕਲ ਤੋਂ ਤਿਆਰ ਕੀਤੀ ਜਾਂਦੀ ਹੈ, ਇਸ ਦਾ ਕੋਈ ਨੁਕਸਾਨ ਨਹੀਂ ਹੈ।