ਲੁਧਿਆਣਾ: 300 ਤੋਂ ਵੱਧ ਫ਼ਿਲਮਾਂ 'ਚ ਕੰਮ ਕਰ ਚੁੱਕੇ ਸਤੀਸ਼ ਕੌਲ ਇੰਨੀ-ਦਿਨੀਂ ਆਪਣੇ ਬੁਰੇ ਵਕਤ 'ਚੋਂ ਲੰਘ ਰਹੇ ਹਨ। ਮਹਾਂਭਾਰਤ 'ਚ ਇੰਦਰ ਦੇਵਤਾ ਦਾ ਕਿਰਦਾਰ ਨਿਭਾਉਣ ਵਾਲੇ ਸਤੀਸ਼ ਕੌਲ ਦੀ ਹੁਣ ਮਾਲੀ ਹਾਲਤ ਕਾਫ਼ੀ ਖ਼ਰਾਬ ਹੈ। ਦੱਸ ਦੇਈਏ ਕਿ ਉਹ ਲੰਮੀ ਬਿਮਾਰੀ ਤੋਂ ਜੂਝ ਰਹੇ ਹਨ ਤੇ ਬੀਤੇ 2 ਮਹੀਨਿਆਂ ਤੋਂ ਲੌਕਡਾਊਨ ਕਰਕੇ ਉਨ੍ਹਾਂ ਤੱਕ ਕਿਸੇ ਵੀ ਕਿਸਮ ਦੀ ਮਦਦ ਨਹੀਂ ਪਹੁੰਚ ਰਹੀ ਹੈ।
ਅਦਾਕਾਰ ਸਤੀਸ਼ ਕੌਲ ਨੇ ਮੰਗੀ ਸਰਕਾਰ ਤੋਂ ਆਰਥਿਕ ਮਦਦ ਸਤੀਸ਼ ਕੌਲ ਕਈ ਮਸ਼ਹੂਰ ਹਿੰਦੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਇਨ੍ਹਾਂ ਵਿੱਚ ਆਂਟੀ ਨੰਬਰ ਵਨ, ਜ਼ੰਜੀਰ, ਯਾਰਾਨਾ ਅਤੇ ਰਾਮ ਲੱਖਣ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਆਪਣੇ ਕਰੀਅਰ ਵਿੱਚ 300 ਤੋਂ ਵੱਧ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਲੱਖ ਰੁਪਏ ਦਾ ਸਨਮਾਨ ਵੀ ਹਾਸਲ ਹੋਇਆ ਸੀ। ਪਰ ਆਰਥਿਕ ਤੌਰ 'ਤੇ ਸਤੀਸ਼ ਕੌਲ ਹਾਲੇ ਵੀ ਬੁਰੀ ਹਾਲਤ ਵਿੱਚ ਹਨ। ਹਾਲ ਹੀ ਵਿੱਚ ਸਤੀਸ਼ ਕੌਲ ਨੇ ਮੀਡੀਆ ਨਾਲ ਗ਼ੱਲਬਾਤ ਕਰਦਿਆਂ ਆਪਣੀ ਆਰਥਿਕ ਤੰਗੀ ਬਾਰੇ ਦੱਸਿਆ।
ਸਤੀਸ਼ ਕੌਲ ਨੇ ਦੱਸਿਆ ਕਿ ਜੋ ਪੈਸੇ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਪ੍ਰਾਪਤ ਹੋਏ ਸੀ ਉਹ ਸਾਰੇ ਪੈਸੇ ਉਨ੍ਹਾਂ ਦੀ ਬਿਮਾਰੀ 'ਤੇ ਖਰਚ ਹੋ ਚੁੱਕੇ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਮਦਦ ਕੀਤੀ ਗਈ ਸੀ ਪਰ ਉਹ ਪੈਸੇ ਵੀ ਹੁਣ ਖ਼ਤਮ ਹੋ ਚੁੱਕੇ ਹਨ। ਸਤੀਸ਼ ਕੌਲ ਕੋਲ ਆਪਣਾ ਘਰ ਤੱਕ ਨਹੀਂ ਹੈ। ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ।
ਸਤੀਸ਼ ਕੌਲ ਨੇ ਕਿਹਾ ਕਿ ਕਈ ਬਾਲੀਵੁੱਡ ਹਸਤੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਮਹਾਂਭਾਰਤ ਵਿੱਚ ਉਨ੍ਹਾਂ ਨੇ ਇੰਦਰ ਦੇਵਤਾ ਦਾ ਕਿਰਦਾਰ ਅਦਾ ਕੀਤਾ ਸੀ। ਬੀਆਰ ਚੋਪੜਾ ਉਨ੍ਹਾਂ ਦੇ ਕਾਫ਼ੀ ਨਜ਼ਦੀਕੀ ਸੀ ਪਰ ਉਹ ਤਾਂ ਨਹੀਂ ਰਹੇ ਪਰ ਉਨ੍ਹਾਂ ਦਾ ਬੇਟਾ ਉਨ੍ਹਾਂ ਦਾ ਚੰਗਾ ਦੋਸਤ ਹੈ।
ਸਤੀਸ਼ ਕੌਲ ਨੇ ਅੱਗੇ ਕਿਹਾ ਕਿ ਪਿਆਰ ਨਾਲ ਦੁਨੀਆਂ ਜਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਪੰਜਾਬ ਸਰਕਾਰ ਤੋਂ ਗੁਜ਼ਾਰਿਸ਼ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਤੰਗੀ ਨੂੰ ਦੇਖਦਿਆਂ ਉਨ੍ਹਾਂ ਦੀ ਪੈਨਸ਼ਨ ਲਗਵਾ ਦਿੱਤੀ ਜਾਵੇ।